ਭਾਕਿਯੂ ਏਕਤਾ ਉਗਰਾਹਾਂ ਨੇ ਕੀਤੀ ਡੀਸੀ ਦਫ਼ਤਰ ਅੱਗੇ ਨਾਅਰੇਬਾਜ਼ੀ ਡੀਸੀ ਦਫ਼ਤਰ ਮਾਨਸਾ ਅੱਗੇ ਕਿਸਾਨ ਮੰਗਾਂ
Publish Date: Wed, 09 Sep 2026 07:38 PM (IST)
Updated Date: Thu, 10 Sep 2026 04:05 AM (IST)
ਫ਼ੋਟੋ : 8 ਐਮਏਐਨ ਕੈਪਸ਼ਨ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰੋਸ ਜਤਾਉਂਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਡੀਸੀ ਦਫ਼ਤਰ ਮਾਨਸਾ ਅੱਗੇ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ੁਰੂ ਕੀਤਾ ਦਿਨ-ਰਾਤ ਦਾ ਮੋਰਚਾ 11ਵੇਂ ਦਿਨ ’ਚ ਦਾਖ਼ਲ ਹੋਇਆ ਜਿੱਥੇ ਕਿਸਾਨ ਜੱਥੇਬੰਦੀ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨਿਕੇਲ ਪਾਵੇ ਅਤੇ ਕਿਸਾਨਾਂ ਦੀ ਕੀਤੀ ਜਾਂਦੀ ਨਜਾਇਜ਼ ਲੁੱਟ ਨੂੰ ਤੁਰੰਤ ਰੋਕਿਆ ਜਾਵੇ। ਕਿਸਾਨ ਆਗੂ ਨੇ ਕਿਹਾ ਕਿ ਖਾਦ ਵਾਲੀਆਂ ਕੰਪਨੀਆਂ ਡੀਏਪੀ, ਖਾਦ ਅਤੇ ਯੂਰੀਆ, ਖਾਦ ਦੇ ਨਾਲ ਆਪਣੇ ਡਿਸਟੀਬਿਊਟਰਾਂ ਨੂੰ ਜ਼ਬਰਦਸਤੀ ਬੇਲੋੜਾ ਹੋਰ ਸਮਾਨ ਸਪਲਾਈ ਕਰਦੀਆਂ ਹਨ, ਜਿਸ ਵਿੱਚ ਨੈਨੋ ਯੂਰੀਆਂ, ਪੋਟਾਸ਼, ਜ਼ਿੰਕ ਅਤੇ ਹੋਰ ਸਾਜੋ ਸਮਾਨ ਦਿੱਤਾ ਜਾਂਦਾ। ਜਦ ਖਾਦ ਵੇਚਣ ਵਾਲੇ ਪ੍ਰਾਈਵੇਟ ਡੀਲਰ ਡਿਸਟ੍ਰੀਬਿਊਟਰਾਂ ਕੋਲੋਂ ਡੀਏਪੀ ਯੂਰੀਆ ਖਾਦ ਚੁੱਕਦੇ ਹਨ ਤਾਂ ਇਹੀ ਸਮਾਨ ਡਿਸਟ੍ਰੀਬਿਊਟਰ ਜ਼ਬਰੀ ਖਾਦ ਡੀਲਰਾਂ ਨੂੰ ਦਿੰਦੇ ਹਨ। ਅੱਗੇ ਜਦੋਂ ਕਿਸਾਨ ਖ਼ਾਦ ਲੈਣ ਲਈ ਡੀਲਰਾਂ ਦੀਆਂ ਪ੍ਰਾਈਵੇਟ ਦੁਕਾਨਾਂ ਤੇ ਜਾਂਦੇ ਹਨ ਤਾਂ ਦੁਕਾਨਦਾਰ ਉਨ੍ਹਾਂ ਨੂੰ ਇਹੀ ਸਮਾਨ ਖਾਦ ਦੇ ਨਾਲ ਦਿੰਦੇ ਹਨ। ਇਸ ਨਾਲ ਕਿਸਾਨਾਂ ਨੂੰ ਬੇਲੋੜਾਂ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਪਿਛਲੇ ਦਿਨ੍ਹੀਂ ਏਡੀਸੀ ਮਾਨਸਾ ਪੂਨਮ ਸਿੰਘ ਨਾਲ ਹੋਈ ਮੀਟਿੰਗ ਦੇ ਦਰਮਿਆਨ ਉਨ੍ਹਾਂ ਦੇ ਧਿਆਨ ਵਿੱਚ ਜੱਥੇਬੰਦੀ ਵੱਲੋਂ ਲਿਆਂਦਾ ਗਿਆ ਹੈ। ਭੈਣੀ ਬਾਘਾ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਮਾਨਸਾ ਨੂੰ ਸਖਤ ਲਹਿਜ਼ੇ ਵਿੱਚ ਕਿਹਾ ਕਿ ਉਹ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀਆਂ ਮਨਮਾਨੀਆਂ ਨੂੰ ਰੋਕਣ, ਖਾਦਾਂ ਦੇ ਨਾਲ ਬੇਲੋੜਾਂ ਸਮਾਨ ਦੁਕਾਨਦਾਰਾਂ ਨੂੰ ਨਾ ਦੇਣ ਤਾਂ ਜੋ ਕਿਸਾਨਾਂ ਦੀ ਲੁੱਟ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵੱਡੀ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਜੱਥੇਬੰਦੀ ਕੋਈ ਤਿੱਖਾ ਐਕਸ਼ਨ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਂਨੰਦੀ, ਕੁਲਦੀਪ ਸਿੰਘ ਚਚੋਹਰ, ਜਗਸੀਰ ਸਿੰਘ ਜਵਾਹਰਕੇ ਨੇ ਵੀ ਸੰਬੋਧਨ ਕੀਤਾ।