ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਮਾਨਸਾ ਜ਼ਿਲ੍ਹੇ ਦੀਆਂ ਦਰਜ਼ਨ ਦੇ ਕਰੀਬ ਅਨਾਜ
Publish Date: Thu, 12 Nov 2026 06:16 PM (IST)
Updated Date: Thu, 12 Nov 2026 06:18 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਨਸਾ ਜ਼ਿਲ੍ਹੇ ਦੀਆਂ ਦਰਜਨ ਦੇ ਕਰੀਬ ਅਨਾਜ ਮੰਡੀਆਂ ਵਿਚ ਅਚਾਨਕ ਝੋਨੇ ਦੀ ਖ਼ਰੀਦ ਬੰਦ ਕਰਨ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੰਗ ਕੀਤੀ ਗਈ ਕਿ ਮੰਡੀਆਂ ਵਿੱਚੋਂ ਬੰਦ ਕੀਤੀ ਝੋਨੇ ਦੀ ਖ਼ਰੀਦ ਤੁਰੰਤ ਚਾਲੂ ਕੀਤੀ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜ਼ਿਲ੍ਹੇ ਵਿਚਲੀਆਂ ਸਾਰੀਆਂ ਮੰਡੀਆਂ ਝੋਨੇ ਦੀ ਫਸਲ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ। 5 ਤੋਂ 7 ਪ੍ਰਤੀਸ਼ਤ ਝੋਨਾ ਅਜੇ ਤੱਕ ਖੇਤਾਂ ਵਿਚ ਖੜ੍ਹਾ ਹੈ। ਉਹ ਕਿਸਾਨ ਮੰਡੀਆਂ ਵਿਚ ਜਗ੍ਹਾ ਦੀ ਉਡੀਕ ਕਰ ਰਹੇ ਹਨ ਪਰ ਪੰਜਾਬ ਸਰਕਾਰ ਦੀ ਅਧਿਕਾਰੀਆਂ ਨੂੰ ਖ਼ਰੀਦ ਬੰਦ ਕਰਨ ਦੀ ਆਈ ਚਿੱਠੀ ਨਾਲ ਕਿਸਾਨਾਂ ਵਿਚ ਰੋਸ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਹਰ ਰੋਜ਼ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਨ ਵਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ਰੀਦ ਬੰਦ ਕਰਨ ਦਾ ਹੁਕਮ ਦੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੱਖਾਂ ਟਨ ਝੋਨਾ ਮੰਡੀਆਂ ਵਿਚ ਪਿਆ ਹੈ, ਜਿਸ ਨੂੰ ਖਰੀਦਣ ਤੋਂ ਸਰਕਾਰ ਹੱਥ ਪਿੱਛੇ ਖਿੱਚ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਕਿਸਾਨ ਜਥੇਬੰਦੀ ਨੇ ਅਧਿਕਾਰੀਆਂ ਨੂੰ ਅਲਟੀਮੇਟਮ ਦਿੱਤਾ ਕਿ ਝੋਨੇ ਦੀ ਖ਼ਰੀਦ ਕਰਨ ਸਬੰਧੀ ਕੋਈ ਜ਼ਿੰਮੇਵਾਰ ਅਧਿਕਾਰੀ ਗੱਲ ਕਰੇ ਨਹੀਂ ਤਾਂ ਜਥੇਬੰਦੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਅਣਮਿੱਥੇ ਸਮੇਂ ਲਈ ਘੇਰਨ ਲਈ ਮਜਬੂਰ ਹੋਵੇਗੀ। ਕਿਸਾਨਾਂ ਦੀ ਚੇਤਾਵਨੀ ਬਾਅਦ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਰਦੀਪ ਸਿੰਘ ਮਾਨ ਕਿਸਾਨਾਂ ਦੇ ਇਕੱਠ ਵਿੱਚ ਆਏ। ਜਿੰਨ੍ਹਾਂ ਨੇ ਸਟੇਜ ਤੋਂ ਭਰੋਸਾ ਦਿੱਤਾ ਕਿ ਮੰਡੀਆਂ ਵਿੱਚ ਪਏ ਝੋਨੇ ਦੀ ਬੰਦ ਕੀਤੀ ਖ਼ਰੀਦ ਅੱਜ ਤੋਂ ਮੁੜ ਚਾਲੂ ਕਰ ਦਿੱਤੀ ਜਾਵੇਗੀ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਲਿਖਤੀ ਹੁਕਮ ਸਾਨੂੰ ਮਿਲ ਗਏ ਹਨ। ਸਰਕਾਰ ਦੀਆਂ ਖ਼ਰੀਦ ਏਜੰਸੀਆਂ ਸਾਰੀਆਂ ਮੰਡੀਆਂ ਵਿੱਚੋਂ ਝੋਨੇ ਦਾ ਦਾਣਾ ਦਾਣਾ ਖ਼ਰੀਦ ਕਰਨਗੀਆਂ। ਅਧਿਕਾਰੀ ਤੇ ਦਿੱਤੇ ਭਰੋਸੇ ਤੇ ਸਹਿਮਤੀ ਪ੍ਰਗਟ ਕਰਦਿਆਂ ਨਾਲ ਹੀ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਖ਼ਰੀਦ ਚਾਲੂ ਨਾ ਕੀਤੀ ਤਾਂ ਜਥੇਬੰਦੀ ਤਿੱਖੇ ਰੂਪ ਵਿੱਚ ਅੰਦੋਲਨ ਕਰੇਗੀ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਉੱਤਮ ਸਿੰਘ ਰਾਮਾਂਨੰਦੀ, ਭੋਲਾ ਸਿੰਘ ਮਾਖਾ, ਨਰਿੰਦਰ ਕੌਰ ਆਹਲੂਪੁਰ, ਜਗਸੀਰ ਸਿੰਘ ਜਵਾਹਰਕੇ, ਕਾਲਾ ਸਿੰਘ ਮੰਡੇਰ, ਹਰਪਾਲ ਸਿੰਘ ਪਾਲੀ ਮੀਰਪੁਰ, ਕੁਲਦੀਪ ਸਿੰਘ ਚਚੋਹਰ, ਜਗਰਾਜ ਸਿੰਘ ਮਾਨਸਾ, ਬਿੰਦਰ ਸਿੰਘ ਝੰਡਾ ਕਲਾਂ ਨੇ ਵੀ ਸੰਬੋਧਨ ਕੀਤਾ।