ਗਊਸ਼ਾਲਾ ਰੋਡ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚੇਤਾਵਨੀ ਮਾਨਸਾ ਦੇ ਗਊਸ਼ਾਲਾ ਰੋਡ ਦੇ ਦੁਕਾਨਦਾਰਾਂ
Publish Date: Thu, 24 Sep 2026 07:08 PM (IST)
Updated Date: Fri, 25 Sep 2026 04:10 AM (IST)
ਫ਼ੋਟੋ : 05 ਐਮਏਐਨ ਕੈਪਸ਼ਨ : ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਸੌਂਪਦੇ ਹੋਏ ਆਗੂ। * ਸੜਕ ਹਫ਼ਤੇ ’ਚ ਨਾ ਬਣੀ ਤਾਂ ਡੀਸੀ ਦਫ਼ਤਰ ਸੌਂਪਣਗੇ ਦੁਕਾਨਾਂ ਦੀਆਂ ਚਾਬੀਆਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਦੇ ਗਊਸ਼ਾਲਾ ਰੋਡ ਦਾ ਨਿਰਮਾਣ ਕਾਰਜ ਪਿਛਲੇ 42 ਦਿਨਾਂ ਤੋਂ ਅੱਧ ਵਿਚਾਲੇ ਲਟਕਣ ਕਾਰਨ ਦੁਕਾਨਦਾਰਾਂ ਦਾ ਵਪਾਰ ਬੁਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ। ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਸਿਰ ਤੇ ਹੋਣ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਕਰਕੇ ਬਾਜ਼ਾਰ ਵਿੱਚੋਂ ਗ੍ਰਾਹਕ ਬਿਲਕੁਲ ਗਾਇਬ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਮਾਲ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਲਈ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਸਮੂਹ ਦੁਕਾਨਦਾਰਾਂ ਵੱਲੋਂ ਡਿਪਟੀ ਕਮਿਸ਼ਨਰ (ਡੀ.ਸੀ.) ਮਾਨਸਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਪ੍ਰਸ਼ਾਸਨ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ। ਦੁਕਾਨਦਾਰਾਂ ਵੱਲੋਂ ਡੀਸੀ ਮਾਨਸਾ ਅੱਗੇ ਮੁੱਖ ਤੌਰ ਤੇ ਤਿੰਨ ਮੰਗਾਂ ਰੱਖੀਆਂ ਗਈਆਂ। ਆਗੂਆਂ ਨੇ ਕਿਹਾ ਕਿ ਸੜਕ ਦਾ ਨਿਰਮਾਣ ਕਾਰਜ ਦਿਨ-ਰਾਤ ਇੱਕ ਕਰਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ। ਮੰਗ ਪੱਤਰ ਸੌਂਪਣ ਮੌਕੇ ਦੁਕਾਨਦਾਰਾਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਸੜਕ ਨੂੰ ਚੱਲਣ ਯੋਗ ਨਾ ਬਣਾਇਆ ਗਿਆ ਤਾਂ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਡੀ.ਸੀ. ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਦੁਕਾਨਦਾਰਾਂ ਦੀ ਫਰਿਆਦ ਸੁਣਨ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਨੇ ਤੁਰੰਤ ਕਾਰਵਾਈ ਕਰਦਿਆਂ ਭਰੋਸਾ ਦਿਵਾਇਆ ਕਿ ਇਹ ਸੜਕ ਹਰ ਹਾਲ ਵਿੱਚ ਇੱਕ ਹਫ਼ਤੇ ਦੇ ਅੰਦਰ-ਅੰਦਰ ਚੱਲਣ ਯੋਗ ਬਣਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਸੀ. ਵੱਲੋਂ ਐੱਸ.ਐੱਸ.ਪੀ. ਮਾਨਸਾ ਨੂੰ ਇੱਕ ਪੱਤਰ ਲਿਖ ਕੇ ਲਾਪ੍ਰਵਾਹ ਠੇਕੇਦਾਰ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਮੌਕੇ ਅਰਸ਼ਦੀਪ ਸਿੰਘ ਗਾਗੋਵਾਲ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਬਲਜੀਤ ਕੜਵਲ, ਬਲਵੀਰ ਸਿੰਘ ਖੋਖ਼ਰ, ਆਤਮਾ ਰਾਮ ਗੱਗੀ, ਗੁਰਜੀਤ ਸਿੱਖ ਤੇ ਰਮੇਸ਼ ਕੁਮਾਰ ਸਮੇਤ ਗਊਸ਼ਾਲਾ ਰੋਡ ਦੇ ਸਮੂਹ ਦੁਕਾਨਦਾਰ ਤੇ ਪਤਵੰਤੇ ਹਾਜ਼ਰ ਸਨ।