ਬਰਨਾਲਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ : ਸਵਿਫ਼ਟ ਕਾਰ 'ਚ ਅਗਵਾ ਕੀਤੇ ਗੱਭਰੂ ਦੀ ਨਾਲ਼ੇ 'ਚੋਂ ਮਿਲੀ ਲਾਸ਼, ਪੂਰੇ ਇਲਾਕੇ 'ਚ ਸੋਗ ਦੀ ਲਹਿਰ
ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੰਘੀ 15 ਅਕਤੂਬਰ ਨੂੰ ਅਗਵਾ ਕੀਤੇ ਗਏ ਇੱਕ ਨੌਜਵਾਨ ਦੀ ਲਾਸ਼ ਗੰਦੇ ਨਾਲ਼ੇ (ਡਰੇਨ) ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਗੱਭਰੂ ਦੀ ਪਛਾਣ ਗੁਰਦੀਪ ਸਿੰਘ (24) ਪੁੱਤਰ ਰਾਜ ਸਿੰਘ ਵਾਸੀ ਸੇਖਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Publish Date: Mon, 19 Oct 2026 12:57 PM (IST)
Updated Date: Mon, 19 Oct 2026 01:05 PM (IST)
ਯਾਦਵਿੰਦਰ ਸਿੰਘ ਭੁੱਲਰ/ ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੰਘੀ 15 ਅਕਤੂਬਰ ਨੂੰ ਅਗਵਾ ਕੀਤੇ ਗਏ ਇੱਕ ਨੌਜਵਾਨ ਦੀ ਲਾਸ਼ ਗੰਦੇ ਨਾਲ਼ੇ (ਡਰੇਨ) ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਗੱਭਰੂ ਦੀ ਪਛਾਣ ਗੁਰਦੀਪ ਸਿੰਘ (24) ਪੁੱਤਰ ਰਾਜ ਸਿੰਘ ਵਾਸੀ ਸੇਖਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਇੱਕ ਨਿੱਜੀ ਹਸਪਤਾਲ 'ਚ ਕੰਮ ਕਰਦਾ ਸੀ। ਉਹ ਵਿਆਹਿਆ-ਵਰਿਆ ਸੀ ਤੇ ਉਸ ਦਾ ਇੱਕ ਛੋਟਾ ਜਿਹਾ ਬੱਚਾ ਵੀ ਹੈ। ਲੰਘੀ 15 ਅਕਤੂਬਰ ਨੂੰ ਸ਼ਾਮੀਂ ਕੋਈ 5:15 ਵਜੇ ਦੇ ਗੇੜ 'ਚ ਜਦੋਂ ਉਹ ਪਿੰਡ ਲਾਗੇ ਸੀ ਤਾਂ ਕੁਝ ਅਣਪਛਾਤੇ ਬੰਦੇ ਉਸ ਨੂੰ ਸਵਿਫ਼ਟ ਕਾਰ 'ਚ ਧੱਕੇ ਨਾਲ਼ ਧੂਹ ਕੇ ਅਗਵਾ ਕਰਕੇ ਲੈ ਗਏ।
ਘਰਦਿਆਂ ਨੇ ਤੁਰੰਤ ਇਸ ਦੀ ਇਤਲਾਹ ਥਾਣਾ ਸਿਟੀ-2 ਬਰਨਾਲਾ ਵਿਖੇ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਨਿਸ਼ਾਨਦੇਹੀ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਸੀ।
ਹੁਣ ਨੌਜਵਾਨ ਦੀ ਲਾਸ਼ ਨਾਲ਼ੇ 'ਚੋਂ ਮਿਲਣ ਮਗਰੋਂ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਵਾਰਦਾਤ 'ਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ।
ਮੌਕੇ 'ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਅਗਵਾਕਾਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਮਾਮਲੇ ਦੇ ਹਰ ਪਹਿਲੂ ਨੂੰ ਬਾਰੀਕੀ ਨਾਲ਼ ਘੋਖਿਆ ਜਾ ਰਿਹਾ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।