ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਕਵਿਤਾ ਮੁਕਾਬਲੇ ਕਰਵਾਏ ਐਸ.ਡੀ. ਕੰਨਿਆਂ ਮਹਾਂਵਿਦਿਆਲਾ, ਮਾਨਸਾ ਵਿਖੇ
Publish Date: Wed, 01 Jul 2026 06:58 PM (IST)
Updated Date: Thu, 02 Jul 2026 04:05 AM (IST)
ਫ਼ੋਟੋ : 13 ਐਮਏਐਨ ਕੈਪਸ਼ਨ : ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕਰਦੇ ਹੋਏ ਸਟਾਫ਼ ਮੈਂਬਰ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਐੱਸਡੀ ਕੰਨਿਆ ਮਹਾਵਿਦਿਆਲਾ ਮਾਨਸਾ ਵਿਖੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ ਹੇਠ ਪੰਜਾਬੀ ਵਿਭਾਗ ਤੇ ਭਾਸ਼ਾ ਮੰਚ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਕਵਿਤਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਕਵਿਤਾ ਲਿਖਣ ਅਤੇ ਪੇਸ਼ ਕਰਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਨੂੰ ਬੜਾਵਾ ਦੇਣਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ 11 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਜੀਤ ਕੌਰ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਦੇ ਹੋਏ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਭਾਵਪੂਰਨ ਰਚਨਾਵਾਂ ਰਾਹੀਂ ਪੰਜਾਬੀ ਕਵਿਤਾ ਨੂੰ ਨਵੀਂ ਪਛਾਣ ਦਿੱਤੀ। ਉਨ੍ਹਾਂ ਦੀਆਂ ਕਵਿਤਾਵਾਂ ਅੱਜ ਵੀ ਪਾਠਕਾਂ ਦੇ ਦਿਲਾਂ ਨੂੰ ਛੂੰਹਦੀਆਂ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਤ ਮਨੁੱਖ ਨੂੰ ਸੰਵੇਦਨਸ਼ੀਲ, ਸਿਰਜਣਾਤਮਕ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਬਣਾਉਂਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਅਜਿਹੀਆਂ ਸਾਹਿਤਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਦਾ ਮੁਲਾਂਕਣ ਡਾ. ਕਮਲਜੀਤ ਕੌਰ ਅਤੇ ਮਿਸ. ਨੀਰਜ ਮਿੱਤਲ ਨੇ ਕਵਿਤਾਵਾਂ ਦਾ ਪਾਠ, ਉਚਾਰਨ, ਭਾਵ ਅਭਿਵਿਅਕਤੀ ਅਤੇ ਮੰਚ ਪੇਸ਼ਕਾਰੀ ਦੇ ਆਧਾਰ ਤੇ ਕੀਤਾ। ਵਿਦਿਆਰਥਣ ਅਵਨੀਤ ਕੌਰ, ਮਹਿਕਦੀਪ ਕੌਰ ਅਤੇ ਰਕਸ਼ੀਤਾ ਨੂੰ ਕ੍ਰਮਵਾਰ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਅਤੇ ਬਾਹਰੋਂ ਆਏ ਭਾਗੀਦਾਰਾਂ ਵਿੱਚੋਂ ਮਧੂ ਸਦਿਓੜਾ, ਹਰਸਿਮਰ ਅਤੇ ਪਵਸ਼ਗਨ ਕੌਰ ਨੂੰ ਹੌਂਸਲਾ ਅਫਜਾਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਡਾ. ਪਾਇਲ ਸੱਭਰਵਾਲ ਨੇ ਪ੍ਰੋਗਰਾਮ ਦੀ ਸਲਾਘਾ ਕਰਦੇ ਹੋਏ ਪੰਜਾਬੀ ਸਾਹਿਤ ਦੀ ਮਹੱਤਤਾ ਨੂੰ ਆਪਣੇ ਤਜ਼ਰਬੇ ਰਾਹੀਂ ਸਾਂਝਾ ਕੀਤਾ। ਅੰਤ ਵਿੱਚ ਪੰਜਾਬੀ ਵਿਭਾਗ ਅਤੇ ਭਾਸ਼ਾ ਮੰਚ ਦੇ ਕੋਆਰਡੀਨੇਟਰ ਡਾ. ਬਲਜੀਤ ਕੌਰ ਨੇ ਸਾਰੇ ਭਾਗੀਦਾਰਾਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਜੋਤੀ ਬਾਲਾ, ਮਿਸ. ਮੁਹਿੰਦਰ ਕੌਰ, ਮਿਸ. ਸੰਜਮ ਰਾਣੀ ਅਤੇ ਮਿਸ. ਸੁਖਪਾਲ ਕੌਰ ਹਾਜ਼ਰ ਸੀ।