ਆਰਥਿਕ ਸ਼ੋਸ਼ਣ ਨੂੰ ਰੋਕਣ ਲਈ ਇਕਜੁੱਟ ਹੋਣ ਸ਼ੈਲਰ ਮਾਲਕ : ਤਰਸੇਮ ਸੈਣੀ ਪੰਜਾਬ ਰਾਇਸ ਮਿੱਲਰਜ ਐਸੋਸੀਏਸ਼ਨ
Publish Date: Mon, 24 Aug 2026 04:47 PM (IST)
Updated Date: Mon, 24 Aug 2026 04:48 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਪੰਜਾਬ ਰਾਇਸ ਮਿੱਲਰਜ਼ ਐਸੋਸੀਏਸ਼ਨ (ਰਜਿ.) ਦੀ ਸਥਾਨਕ ਰਿਜ਼ੋਰਟ ਵਿਚ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਸ਼ੈਲਰ ਮਾਲਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਆਰਥਿਕ ਸ਼ੋਸ਼ਣ ਨੂੰ ਰੋਕਣ ਲਈ ਇੱਕਜੁੱਟ ਹੋਣ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸ਼ੈਲਰ ਇੰਡਸਟਰੀ ਬਹੁਤ ਮੰਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਇੱਕ ਪਾਸੇ ਭਾਰਤੀ ਖੁਰਾਕ ਨਿਗਮ ਨਿੱਤ ਨਵੇਂ ਨਿਯਮ ਬਣਾਉਂਦਾ ਹੈ ਅਤੇ ਦੂਸਰੇ ਪਾਸੇ ਜਦ ਸ਼ੈਲਰ ਮਾਲਕ ਆਪਣੇ ਨਮੀ ਕਾਰਨ ਚਾਵਲਾਂ ‘ਚ ਹੋਈ ਕਟੌਤੀ ਨੂੰ ਪੂਰ੍ਹਾ ਕਰਨ ਲਈ ਕਿਸੇ ਦੂਸਰੇ ਰਾਜ ਤੋਂ ਚਾਵਲ ਬਣਵਾ ਕੇ ਆਪਣਾ ਕੋਟਾ ਪੂਰਾ ਕਰਦਾ ਹੈ ਤਾਂ ਮਾਰਕੀਟ ਕਮੇਟੀਆਂ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਅਤੇ ਬਲ਼ੈਕਮੇਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਕਰੀਬਨ ਸਾਰੇ ਹੀ ਇੰਡਸਟਰੀ ਯੂਨਿਟ ਬੰਦ ਹੋਣ ਦੇ ਕਿਨਾਰੇ ਹਨ ਤੇ ਸਿਰਫ਼ ਖੇਤੀ ਅਧਾਰਿਤ ਹੋਣ ਕਾਰਨ ਸ਼ੈਲਰ ਇੰਡਸਟਰੀ ਨੇ ਹੀ ਆਪਣੀ ਹੌਂਦ ਬਣਾਈ ਹੋਈ ਹੈ ਪਰ ਜਿਸ ਹਿਸਾਬ ਨਾਲ ਕੇਂਦਰ ਸਰਕਾਰ ਨਿੱਤ ਨਵੇਂ ਕਾਨੂੰਨ ਤੈਅ ਕਰ ਰਹੀ ਹੈ, ਤੋਂ ਲਗਦਾ ਹੈ ਕਿ ਇਹ ਇੰਡਸਟਰੀ ਵੀ ਜਲਦੀ ਦਮ ਤੋੜ ਜਾਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸ਼ੈਲਰ ਇੰਡਸਟਰੀ ਨੂੰ ਪੈਰਾਂ ਸਿਰ ਰੱਖਣ ਲਈ ਉਹ ਕੇਂਦਰ ਕੋਲ ਠੋਸ ਪੈਰਵਾਈ ਕਰਨ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਅਗਾਮੀ ਸੀਜਨ ਵਿਚ ਝੋਨੇ ਦੀ ਖ਼ਰੀਦ ਸੋਚ ਸਮਝ ਕੇ ਕਰਨ ਕਿਉਂਕਿ ਹਾਲੇ ਤੱਕ ਬਹੁਤੇ ਸ਼ੈਲਰਾਂ ਵਿਚੋਂ 2025 - 26 ਦੇ ਸੀਜ਼ਨ ਦੇ ਮੀਲਿੰਗ ਚਾਵਲ ਵੀ ਸ਼ੈਲਰਾਂ ਵਿਚ ਹੀ ਪਏ ਹਨ, ਜਿਨ੍ਹਾਂ ਨੂੰ ਹਾਲੇ ਤੱਕ ਐਫਸੀਆਈ ਨੇ ਆਪਣੇ ਡਿਪੂਆਂ ’ਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਚਾਵਲ ਟੁੱਟ ਦਾ ਮੁੱਦਾ ਵੀ ਸ਼ੈਲਰਾਂ ਮਾਲਕਾਂ ਲਈ ਗੰਭੀਰ ਬਣਿਆ ਹੋਇਆ ਹੈ। ਬਹੁਤੇ ਸ਼ੈਲਰਾਂ ਵਿੱਚ ਚਾਵਲ ਦੀ ਟੁੱਟ ਪਈ ਹੋਣ ਕਾਰਨ ਜਿਥੇ ਸ਼ੈਲਰ ਮਾਲਕਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਉਥੇ ਅਗਾਮੀ ਸੀਜਨ ਲਈ ਜਗ੍ਹਾ ਦੀ ਵੀ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਮੁੱਦਾ ਕੌਮੀ ਪੱਧਰ ‘ਤੇ ਚੁਣੌਤੀ ਵਾਲਾ ਹੋ ਚੁੱਕਿਆ ਹੈ ਅਤੇ ਹਰ ਰਾਜ ਕੋਲ ਚਾਵਲ ਲੋੜੀਂਦੀ ਮਾਤਰਾ ਤੋਂ ਵੱਧ ਪਿਆ ਹੈ, ਜਿਸ ਕਰਕੇ ਕੇਂਦਰ ਸਰਕਾਰ ਅਤੇ ਐਫ.ਸੀ.ਆਈ. ਨੂੰ ਮਿਲਿੰਗ ਚਾਵਲਾਂ ਦੀ ਵਰਤੋਂ ਅਤੇ ਨਿਪਟਾਰੇ ਵਿਚ ਦਿੱਕਤਾਂ ਹਨ, ਨੂੰ ਵਾਚਦੇ ਹੋਏ ਸ਼ੈਲਰ ਮਾਲਿਕ ਬਿਨਾਂ ਕਿਸੇ ਲਾਲਚ ਵਿਚ ਆਏ ਹੋਏ ਝੋਨੇ ਦੀ ਅਲਾਟਮੈਂਟ ਕਰਵਾਉਣ ਕਿਉਂਕਿ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਵਿੱਚ ਜਿਥੇ ਚਾਵਲ ਦਾ ਕਸ ਨਿਕਲਦਾ ਹੈ ਉਥੇ ਇੰਨਾਂ ਕਿਸਮਾਂ ਵਿੱਚ ਟੁੱਟ ਵੀ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਕੌਮੀ ਪੱਧਰ ‘ਤੇ ਸ਼ੈਲਰ ਮਾਲਕਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਸੰਸਥਾ ਵੱਲੋਂ ਪਹਿਲਾਂ ਵੀ ਸ਼ੈਲਰ ਮਾਲਕਾਂ ਦੀਆਂ ਅਨੇਕਾਂ ਮੁਸ਼ਕਿਲਾਂ ਦਾ ਨਿਰਵਾਨ ਕਰਵਾਇਆ ਹੈ ਤੇ ਅਗਾਮੀ ਸਮੇਂ ਵਿੱਚ ਉਹ ਸ਼ੈਲਰ ਮਾਲਕਾਂ ਦੇ ਹਿਤਾਂ ਲਈ ਅੱਗੇ ਹੋ ਕੇ ਸੰਘਰਸ਼ ਕਰਦੇ ਰਹਿਣਗੇ। ਅੱਜ ਦੀ ਬੈਠਕ ਨੂੰ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ, ਜਿਲ੍ਹਾ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਬੰਸ ਲਾਲ ਬਾਂਸਲ, ਵਿਸ਼ਾਲ ਗੋਇਲ, ਦੀਪਕ ਗੋਇਲ ਸ਼ੰਟੂ ਵੀ ਹਾਜਰ ਸਨ।