ਕੋਚਿੰਗ ਸੈਂਟਰ ਮਾਨਸਾ ਵੱਲੋਂ ਕਰਵਾਈ ਸੈਵਨ-ਏ-ਸਾਈਡ ਫੁੱਟਬਾਲ ਲੀਗ ਸ਼ਾਨੋ-ਸ਼ੌਕਤ ਨਾਲ ਸਮਾਪਤ ਕੋਚਿੰਗ ਸੈਂਟਰ ਮਾਨਸਾ ਵੱਲੋਂ ਕਰਵਾਈ ਗਈ
Publish Date: Mon, 16 Nov 2026 05:35 PM (IST)
Updated Date: Mon, 16 Nov 2026 05:36 PM (IST)
ਅੰਡਰ-17 ਵਰਗ ਵਿੱਚ ਕੋਚਿੰਗ ਸੈਂਟਰ ਮਾਨਸਾ ਨੇ ਹਾਸਲ ਕੀਤਾ ਪਹਿਲਾ ਸਥਾਨ, ਓਪਨ ਵਰਗ ਵਿੱਚ ਮੌਡ ਐੱਫਸੀ ਰਹੀ ਜੇਤੂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਕੋਚਿੰਗ ਸੈਂਟਰ ਮਾਨਸਾ ਵੱਲੋਂ ਕਰਵਾਈ ਗਈ ਸੈਵਨ-ਏ- ਸਾਈਡ ਫੁਟਬਾਲ ਲੀਗ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। 4 ਜੁਲਾਈ ਤੋਂ ਸ਼ੁਰੂ ਹੋਈ ਇਸ ਲੀਗ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ 14 ਅਤੇ 15 ਨਵੰਬਰ ਨੂੰ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਵਰਗਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਅੰਡਰ-17 ਵਰਗ ਦੀਆਂ 10 ਟੀਮਾਂ, ਓਪਨ ਵਰਗ ਦੀਆਂ 11 ਟੀਮਾਂ ਅਤੇ 40 ਪਲੱਸ ਵਰਗ ਦੀਆਂ 4 ਟੀਮਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦਾ ਫਾਈਨਲ ਮੁਕਾਬਲਾ ਵੀ ਕਰਵਾਇਆ ਗਿਆ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਅੰਡਰ-17 ਵਰਗ ਵਿਚ ਕੋਚਿੰਗ ਸੈਂਟਰ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਨੈਸਾ ਸਕੂਲ ਦੀ ਟੀਮ ਦੂਜੇ ਸਥਾਨ ਤੇ ਰਹੀ। ਓਪਨ ਵਰਗ ਵਿਚ ਮੌਡ ਐੱਫਸੀ ਨੇ ਪਹਿਲਾ ਅਤੇ ਫੱਤਾ ਮਾਲੋਕਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 40 ਪਲੱਸ ਵਰਗ ਵਿੱਚ ਮਾਨਸਾ ਸੀਨੀਅਰ ਐੱਫ਼ਸੀ ਦੀ ਟੀਮ ਪਹਿਲੇ ਅਤੇ ਸੰਗਮ ਐੱਫ਼ਸੀ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸ ਮੌਕੇ ਕਰਵਾਏ ਗਏ ਵਿਅਕਤੀਗਤ ਇਨਾਮਾਂ ਵਿੱਚ ਅੰਡਰ-17 ਵਰਗ ਦਾ ਬੈਸਟ ਪਲੇਅਰ ਕਾਕਾ ਐਲਾਨਿਆ ਗਿਆ, ਪਲੈਂਟੀ ਕਿੱਕ ਟੂਰਨਾਮੈਂਟ ਫਸਟ ਦਵਿੰਦਰ ਸਿੰਘ ਗੱਗੂ, ਸੈਕੰਡ ਅਮਨਦੀਪ ਸਿੰਘ ਚੁਣੇ ਗਏ। ਟੂਰਨਾਮੈਂਟ ਵਿਚ ਗੱਗੂ ਨੇ ਪਹਿਲਾ ਤੇ ਅਮਨਦੀਪ ਨੇ ਦੂਜਾ ਸਥਾਨ ਹਾਸਲ ਕੀਤਾ। ਸਮਾਪਤੀ ਸਮਾਰੋਹ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਹਰ ਨੌਜਵਾਨ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਨਾ ਸਿਰਫ਼ ਆਪਣਾ ਸਰੀਰਕ ਤੇ ਮਾਨਸਿਕ ਵਿਕਾਸ ਕਰ ਸਕਦੇ ਹਨ, ਸਗੋਂ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਤੇ ਅਨੁਸ਼ਾਸਿਤ ਨੌਜਵਾਨ ਹੀ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਰਾਜੂ ਡੱਡੇ, ਖੇਮਣ ਪ੍ਰਤਾਪ ਸਿੰਘ ਵਿਦਿਆਰਥੀ ਵਿੰਗ ਹਲਕਾ ਕੋਆਰਡੀਨੇਟਰ ਮਾਨਸਾ ਵਿਸ਼ਵਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਚੀਨਾ, ਫੁਟਬਾਲ ਕੋਚ ਵਰਿੰਦਰ ਗੋਇਲ, ਰਸ਼ਪਾਲ ਸਿੰਘ, ਜੇਈ ਗੁਰਦੀਪ ਸਿੰਘ ਭੀਮਾ, ਜਸਵਿੰਦਰ ਸਿੰਘ ਜਸ਼, ਹਰਪ੍ਰੀਤ ਸਿੰਘ ਕਮਲ, ਰਸ਼ਪਾਲ ਸਿੰਘ ਟਿੰਡੀ, ਮੋਹਨ ਲਾਲ, ਡਾਕਟਰ ਕੇਵਲ ਸਿੰਘ ਹੈਲਥ ਡਿਪਾਰਟਮੈਂਟ ਸਮੇਤ ਹੋਰ ਖੇਡ ਪ੍ਰੇਮੀ ਤੇ ਪਤਵੰਤੇ ਹਾਜ਼ਰ ਸਨ।