ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਰਵਾਨਾ
ਜਨਗਣਨਾ - 2027 ਸਬੰਧੀ ਮਾਨਸਾ ਜ਼ਿਲ੍ਹੇ ਦੇ
Publish Date: Sun, 22 Nov 2026 03:59 PM (IST)
Updated Date: Sun, 22 Nov 2026 04:01 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਨੂੰ ਉਪ ਮੰਡਲ ਮੈਜਿਸਟ੍ਰੇਟ ਨਵਦੀਪ ਕੁਮਾਰ ਵੱਲੋਂ ਹਰੀ ਝੰਡੀ ਦਿਖਾ ਰਵਾਨਾ ਕੀਤਾ ਗਿਆ। ਐੱਸਡੀਐੱਮ ਨਵਦੀਪ ਕੁਮਾਰ ਨੇ ਦੱਸਿਆ ਕਿ ਆਡੀਓ-ਵੀਡੀਓ ਸੰਦੇਸ਼ਾਂ ਨਾਲ ਲੈਸ ਇਹ ਡਿਜ਼ੀਟਲ ਐੱਲਈਡੀ ਵੈਨ ਸਾਡੀ ਜਨਗਣਨਾ, ਸਾਡਾ ਵਿਕਾਸ ਦੇ ਸੰਦੇਸ਼ ਨਾਲ ਅੱਜ ਤੋਂ 2 ਦਸੰਬਰ 2026 ਤੱਕ ਰੋਜ਼ਾਨਾ ਜ਼ਿਲ੍ਹੇ ਦੇ ਵੱਖ - ਵੱਖ ਪ੍ਰਮੁੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪਹੁੰਚੇਗੀ। ਜਨਗਣਨਾ - 2027 ਤਹਿਤ ਸ਼ੁਰੂ ਹੋਈ ਸਵੈ-ਗਣਨਾ (ਸੈਲਫ਼ ਐਨਿਊਮਰੇਸ਼ਨ) ਸਹੂਲਤ ਬਾਰੇ ਨਵਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ 30 ਨਵੰਬਰ 2026 ਤੱਕ ਘਰ ਬੈਠੇ ਹੀ ਅਧਿਕਾਰਤ ਪੋਰਟਲ ਰਾਹੀਂ ਆਪਣੇ ਘਰ ਅਤੇ ਪਰਿਵਾਰ ਨਾਲ ਸਬੰਧਤ ਲੋੜੀਂਦੇ ਵੇਰਵੇ ਆਨਲਾਈਨ ਦਰਜ ਕਰਵਾ ਸਕਦੇ ਹਨ। ਘਰ-ਘਰ ਜਾ ਕੇ ਜਨਗਣਨਾ ਕਰਨ ਦਾ ਕਾਰਜ 1 ਦਸੰਬਰ ਤੋਂ 4 ਜਨਵਰੀ 2027 ਤੱਕ ਚੱਲੇਗਾ, ਜਦਕਿ 5 ਜਨਵਰੀ ਤੋਂ 9 ਜਨਵਰੀ 2027 ਤੱਕ ਸੋਧ ਪੜਾਅ ਤਹਿਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਪ ਅਰਥ ਤੇ ਅੰਕੜਾ ਸਲਾਹਕਾਰ ਰਣਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਜਨਗਣਨਾ ਲਵਦੀਪ ਸਿੰਘ ਅਤੇ ਜਨਗਣਨਾ ਦੇ ਨੋਡਲ ਅਫਸਰ (ਪਬਲੀਸਿਟੀ) - ਕਮ- ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਨਦੀਪ ਸਿੰਘ ਵੀ ਹਾਜ਼ਰ ਸਨ।