‘ਨਿਊਜ਼ਰੂਮ 360° ਚੈਲੇਂਜ- ਅੰਤਰ-ਹਾਊਸ ਨਿਊਜ਼ ਐਂਕਰਿੰਗ ਮੁਕਾਬਲਾ’ ਐੱਸ.ਡੀ.ਕੇ.ਐੱਲ.ਡੀ.ਏ.ਵੀ. ਪਬਲਿਕ ਸਕੂਲ, ਮਾਨਸਾ
Publish Date: Fri, 23 Oct 2026 06:17 PM (IST)
Updated Date: Sat, 24 Oct 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਐੱਸਡੀਕੇਐੱਲ ਡੀਏਵੀ ਪਬਲਿਕ ਸਕੂਲ ਮਾਨਸਾ ਵਿਖੇ ਪ੍ਰਿੰਸੀਪਲ ਵਿਨੋਦ ਰਾਣਾ ਦੀ ਯੋਗ ਅਗਵਾਈ ਹੇਠ ਹਾਊਸ ਕੋਆਰਡੀਨੇਟਰ ਜੋਤੀ ਬਾਂਸਲ ਵੱਲੋਂ “ਨਿਊਜ਼ਰੂਮ 360° ਚੈਲੇਂਜ – ਅੰਤਰ-ਹਾਊਸ ਨਿਊਜ਼ ਐਂਕਰਿੰਗ ਮੁਕਾਬਲਾ” ਕਰਵਾਇਆ ਗਿਆ। ਮੁਕਾਬਲੇ ਵਿੱਚ ਚਾਰੇ ਹਾਊਸਾਂ-ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਨਿਊਜ਼ ਐਂਕਰਿੰਗ, ਲਾਈਵ ਰਿਪੋਰਟਿੰਗ ਅਤੇ ਰੋਲ ਪਲੇਅ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਖ਼ਬਰਾਂ ਪੇਸ਼ ਕਰਨ ਦੇ ਨਾਲ-ਨਾਲ ਆਪਣੇ ਆਤਮ-ਵਿਸ਼ਵਾਸ, ਸਿਰਜਣਾਤਮਕਤਾ ਤੇ ਟੀਮ ਵਰਕ ਦਾ ਵੀ ਬਾਖੂਬੀ ਪ੍ਰਗਟਾਵਾ ਕੀਤਾ। ਮੁਕਾਬਲੇ ਦਾ ਮੁਲਾਂਕਣ ਪ੍ਰਿੰਸੀਪਲ ਵਿਨੋਦ ਰਾਣਾ ਅਤੇ ਕੋਆਰਡੀਨੇਟਰ ਅਰੁਣ ਅਰੋੜਾ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਨੂੰ ਖ਼ਬਰਾਂ ਦੀ ਸਹੀ ਜਾਣਕਾਰੀ, ਬੋਲਣ ਦੇ ਅੰਦਾਜ਼, ਸਿਰਜਣਾਤਮਕਤਾ ਅਤੇ ਟੀਮ ਵਰਕ ਦੇ ਆਧਾਰ ’ਤੇ ਪਰਖਿਆ ਗਿਆ। ਇਸ ਮੌਕੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਖ਼ਬਰਾਂ ਪੇਸ਼ ਕਰਦੇ ਸਮੇਂ ਸਹੀ ਅਤੇ ਭਰੋਸੇਯੋਗ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਾਲ ਖ਼ਬਰਾਂ ਪੇਸ਼ ਕਰਨ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੇ ਅੰਤ ’ਚ ਯਜੁਰਵੇਦ ਹਾਊਸ ਨੂੰ ਜੇਤੂ ਐਲਾਨਿਆ ਗਿਆ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕ ਮੈਂਟਰ ਦੀਕਸ਼ਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਡੀਏਵੀ ਗੀਤ ਨਾਲ ਹੋਈ। ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਪੱਤਰਕਾਰੀ ਦੀਆਂ ਬਾਰੀਕੀਆਂ ਸਿੱਖਣ, ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਹ ਗਤੀਵਿਧੀ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਸੰਚਾਰ ਕਲਾ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਈ।