ਸਕੂਲ ਆਫ਼ ਹੈਪੀਨੈੱਸ ਨੂੰ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਿਤ
ਜ਼ਿਲ੍ਹਾ ਮਾਨਸਾ ਦੇ ਬਲਾਕ ਬੁਢਲਾਡਾ ਦਾ
Publish Date: Thu, 02 Apr 2026 06:32 PM (IST)
Updated Date: Thu, 02 Apr 2026 06:34 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਜ਼ਿਲ੍ਹਾ ਮਾਨਸਾ ਦੇ ਬਲਾਕ ਬੁਢਲਾਡਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਜੋ ਕਿ ਹੁਣ ਸਕੂਲ ਆਫ ਹੈਪੀਨੈੱਸ ਬਣ ਚੁੱਕਾ ਹੈ, ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਦਾ ਬੈਸਟ ਪ੍ਰਾਇਮਰੀ ਸਕੂਲ ਚੁਣ ਕੇ 2 ਲੱਖ 50 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਣਾ ਹੈ। ਸਕੂਲ ਮੁਖੀ ਕਸ਼ਮੀਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹਰ ਵਰ੍ਹੇ ਹਰੇਕ ਜ਼ਿਲ੍ਹੇ ਚੋਂ ਇੱਕ ਪ੍ਰਾਇਮਰੀ ਸਕੂਲ ਨੂੰ ਬੈਸਟ ਸਕੂਲ ਵਜੋਂ ਚੁਣਿਆ ਜਾਂਦਾ ਹੈ। ਇਸ ਤਹਿਤ ਇਸ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਨੂੰ ਇਹ ਮੌਕਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਸਮੁੱਚੇ ਬੀਰੋਕੇ ਕਲਾਂ ਦੇ ਵਾਸੀਆਂ, ਬਾਬਾ ਸ਼ਾਂਤਾ ਨੰਦ, ਬਾਬਾ ਬਾਲਕ ਰਾਮ, ਸਮੂਹ ਪੰਚਾਇਤੀ ਨੁਮਾਇੰਦਿਆਂ, ਪਿੰਡ ਦੇ ਸਾਬਕਾ ਅਤੇ ਮੌਜੁਦਾ ਚੁਣੇ ਹੋਏ ਸਰਪੰਚ ਤੇ ਪੰਚ, ਐੱਸਐੱਮਸੀ ਕਮੇਟੀ ਅਤੇ ਸਕੂਲ ਦੇ ਚੇਅਰਮੈਨ ਜਤਿੰਦਰਜੀਤ ਸਿੰਘ ਬੱਬੂ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਹੈ ਕਿਉਂਕਿ ਕੋਈ ਕੰਮ ਇੱਕ ਦਿਨ ਵਿਚ ਨਹੀਂ ਹੋ ਸਕਦਾ ਪਰ ਇੱਕ ਦਿਨ ਜ਼ਰੂਰ ਹੋ ਜਾਂਦਾ ਹੈ, ਦੀ ਧਾਰਨਾ ਨੂੰ ਲਗਾਤਾਰ ਜਾਰੀ ਰੱਖਿਆ ਹੈ। ਸਕੂਲ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੱਤਪਾਲ ਸਿੰਘ, ਡੀਆਰਸੀ ਅੰਮ੍ਰਿਤਵੀਰ ਸਿੰਘ ਅਤੇ ਸਮਰੱਥ ਦੀ ਪੂਰੀ ਟੀਮ ਦਾ ਦਿਲ ਦੀਆ ਗਹਿਰਾਈਆਂ ਤੋਂ ਸਕੂਲ ਦਾ ਸਮੁੱਚਾ ਸਟਾਫ ਧੰਨਵਾਦ ਕਰਦਾ ਹੈ, ਜਿਹਨਾ ਨੇ ਸੰਸਥਾ ਨੂੰ ਇਸ ਕਾਬਲ ਸਮਝ ਕੇ ਇਹ ਮਾਣ ਦਿੱਤਾ ਹੈ। ਸਕੂਲ ਮੁਖੀ ਨੇ ਦੱਸਿਆ ਕਿ ਸਮੁੱਚਾ ਸਕੂਲ ਸਟਾਫ਼ ਪਰਮਜੀਤ ਕੌਰ, ਬਲਰਾਜ ਕੌਰ,ਰਾਮ ਪਿਆਰੀ, ਚਰਨਜੀਤ ਕੌਰ, ਗਗਨਦੀਪ ਸਿੰਘ ਤੇ ਰੌਸ਼ਨ ਸਿੰਘ ਵੀ ਇਸ ਸਕੂਲ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਸਰਪੰਚ ਗੁਰਮੀਤ ਸਿੰਘ ਗੀਤੂ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸਤਿਗੁਰ ਸਿੰਘ ਬਲਾਕ ਸੰਮਤੀ ਮੈਂਬਰ ਨੇ ਸਕੂਲ ਸਟਾਫ਼ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।