ਰੌਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਬੋੜਾਵਾਲ ਨੇ ਯੂਥ ਫੈਸਟੀਵਲ 'ਚ ਜਿੱਤੇ 18 ਤਗਮੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ
Publish Date: Tue, 27 Oct 2026 05:25 PM (IST)
Updated Date: Tue, 27 Oct 2026 05:28 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਯੂਥ ਫੈਸਟੀਵਲ ਵਿੱਚ ਦਿ ਰੌਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਬੋੜਾਵਾਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 18 ਤਗਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ 7 ਸੋਨੇ, 8 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਕਲਾ, ਪ੍ਰਤਿਭਾ ਅਤੇ ਮਿਹਨਤ ਦਾ ਲੋਹਾ ਮਨਵਾਇਆ। ਕਾਲਜ ਦੇ ਵਿਦਿਆਰਥੀਆਂ ਨੇ ਲੋਕ ਗੀਤ, ਗਤਕਾ, ਰਵਾਇਤੀ ਗੀਤ, ਪੋਸਟਰ ਮੇਕਿੰਗ, ਰੰਗੋਲੀ, ਮਿੱਟੀ ਦੇ ਖਿਡੌਣੇ ਅਤੇ ਪੱਖੀ ਬੁਣਨਾ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਸੋਨੇ ਦੇ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਸ਼ਬਦ ਗਾਇਨ, ਸਟਾਪੂ, ਰੱਸੀ ਟੱਪਣਾ, ਭਾਸ਼ਣ, ਵਾਦ-ਵਿਵਾਦ, ਕ੍ਰੋਸ਼ੀਆਂ, ਭੰਗੜਾ, ਗੀਟੇ ਅਤੇ ਗਿੱਧੇ ਦੇ ਮੁਕਾਬਲਿਆਂ ਵਿੱਚ 9 ਚਾਂਦੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਮਿਮਿਕਰੀ, ਗੁੱਡੀਆਂ ਪਟੋਲੇ ਅਤੇ ਖਿੱਦੋ ਬਣਾਉਣ ਦੇ ਮੁਕਾਬਲਿਆਂ ਵਿੱਚ 3 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਦਿ ਰੌਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਪ੍ਰਤਿਭਾ, ਸਮਰਪਣ ਅਤੇ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਹੋਰ ਵਧਾਇਆ। ਕਾਲਜ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ’ਤੇ ਬੇਹੱਦ ਮਾਣ ਹੈ, ਜਿਨ੍ਹਾਂ ਨੇ ਯੂਥ ਫੈਸਟੀਵਲ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਤਿਆਰੀ ਕੀਤੀ ਅਤੇ ਸ਼ਾਨਦਾਰ ਜਿੱਤਾਂ ਹਾਸਲ ਕਰਕੇ ਤਗਮਿਆਂ ਦੀ ਵਰਖਾ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਦੇ ਵਿਦਿਆਰਥੀ ਪਹਿਲਾਂ ਹੀ ਖੇਡਾਂ ਦੇ ਖੇਤਰ ਵਿੱਚ ਅਣਗਿਣਤ ਤਗਮੇ ਜਿੱਤ ਚੁੱਕੇ ਹਨ ਅਤੇ ਅਕਾਦਮਿਕ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਹੁਣ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸਬੂਤ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਦਿ ਰੌਇਲ ਕਾਲਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹੈ। ਉਨ੍ਹਾਂ ਇਸ ਸਫ਼ਲਤਾ ਲਈ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਇਹ ਸ਼ਾਨਦਾਰ ਪ੍ਰਾਪਤੀ ਕਾਲਜ ਵਿੱਚ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਬਰਾਬਰ ਮਹੱਤਵ ਦੇਣ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਦੀ ਹੈ।