ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ : ਗੋਇਲ ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਔਰਤਾਂ
Publish Date: Thu, 26 Nov 2026 04:15 PM (IST)
Updated Date: Thu, 26 Nov 2026 04:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਮਨਾਏ ਜਾਂਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਐੱਸਡੀ ਕੰਨਿਆ ਮਹਾਂ ਵਿਦਿਆਲਿਆ ਮਾਨਸਾ ਵਿਖੇ ਕਲੱਬ ਦੇ ਪ੍ਰਧਾਨ ਪਰਮਿੰਦਰ ਗੋਇਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਪਰਮਿੰਦਰ ਗੋਇਲ ਨੂੰ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਕਲੱਬ ਦੇ ਮੁੱਖ ਸਲਾਹਕਾਰ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਲਈ ਗੈਰ ਸਰਕਾਰੀ ਸੰਸਥਾਵਾਂ ਪ੍ਰਭਾਵਸ਼ਾਲੀ ਯੋਗਦਾਨ ਪਾ ਸਕਦੀਆਂ ਹਨ। ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਗੁਰਪ੍ਰੀਤ ਕੌਰ, ਜੋ ਕਿ ਆਦਮਪੁਰ ਡਾਇਟ ਵਿਚ ਕਾਰਜਸ਼ੀਲ ਹਨ ਅਤੇ ਜ਼ਿਲ੍ਹਾ ਲੀਗਲ ਸਰਵਿਸਜ਼ ਅਥਾਰਟੀ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਔਰਤਾਂ ਵਿਰੁੱਧ ਹਿੰਸਾ ਦੇ ਵੱਖ-ਵੱਖ ਰੂਪਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤਾਂ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਅਨਿਆਂ ਵਿਰੁੱਧ ਆਵਾਜ਼ ਉਠਾਉਣਾ ਸਮੇਂ ਦੀ ਮੁੱਖ ਲੋੜ ਹੈ। ਸੈਮੀਨਾਰ ਦੇ ਦੂਸਰੇ ਮੁੱਖ ਬੁਲਾਰੇ ਡਾਕਟਰ ਸਰਬਜੀਤ ਕੌਰ ਸੋਹਲ ਮੈਨੇਜਿੰਗ ਡਾਇਰੈਕਟਰ ਗੋਇਲ ਗਰੁੱਪ ਆਫ਼ ਕਾਲਜ ਬੋੜਾਵਾਲ ਨੇ ਔਰਤਾਂ ਪ੍ਰਤੀ ਘਰੇਲੂ ਹਿੰਸਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਲਈ ਸਮਾਜ ਦੀ ਸੋਚ ਵਿਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਗਰਿਮਾ ਮਹਾਜਨ ਨੇ ਰੋਟਰੀ ਕਲੱਬ ਮਾਨਸਾ ਰੋਇਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕਲੱਬ ਦੇ ਸੀਨੀਅਰ ਮੈਂਬਰ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਔਰਤਾਂ ਸਾਡੇ ਸਮਾਜ ਦਾ ਅਹਿਮ ਅੰਗ ਹਨ। ਕਲੱਬ ਦੇ ਪ੍ਰਧਾਨ ਪਰਮਿੰਦਰ ਗੋਇਲ ਅਤੇ ਸਕੱਤਰ ਰਮੇਸ਼ ਜਿੰਦਲ ਨੇ ਸਾਂਝੇ ਤੌਰ ਤੇ ਕਿਹਾ ਕਿ ਔਰਤਾਂ ਨੂੰ ਸੁਰੱਖਿਅਤ ਤੇ ਸਨਮਾਨਜਨਕ ਮਾਹੌਲ ਪ੍ਰਦਾਨ ਕਰਨਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸੈਮੀਨਾਰ ਦੇ ਚੇਅਰਮੈਨ ਹਰੀਸ਼ ਗਰਗ ਅਤੇ ਪ੍ਰੈੱਸ ਸਕੱਤਰ ਰਾਕੇਸ਼ ਸੇਠੀ ਨੇ ਦੱਸਿਆ ਕਿ ਇਹ ਸੈਮੀਨਾਰ ਐੱਸ.ਡੀ. ਕੰਨਿਆ ਮਹਾਂ ਵਿਦਿਆਲਿਆ ਮਾਨਸਾ ਅਤੇ ਇਨਰਵ੍ਹੀਲ ਕਲੱਬ ਮਾਨਸਾ ਰਾਇਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਮੌਕੇ ਕਲੱਬ ਮੈਂਬਰ ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਪਰਮਿੰਦਰ ਗੋਇਲ, ਹਰੀਸ਼ ਗਰਗ, ਅਮਿਤ ਗੋਇਲ, ਡਾਕਟਰ ਜਨਕ ਰਾਜ ਸਿੰਗਲਾ, ਮਨੋਜ ਗੋਇਲ, ਜੀਵਨ ਸਿੰਗਲਾ, ਭੂਸ਼ਨ ਜਿੰਦਲ, ਇਨਰਵ੍ਹੀਲ ਕਲੱਬ ਦੇ ਪ੍ਰਧਾਨ ਪ੍ਰਾਚੀ ਗੋਇਲ, ਰੇਣੂ ਅਗਰਵਾਲ, ਕਾਮਨੀ ਗੋਇਲ, ਪਲਵੀ ਤੋਂ ਇਲਾਵਾ ਵਿਦਿਆਰਥੀਆਂ ਦੇ ਨਾਲ ਨਾਲ ਕਾਲਜ ਸਟਾਫ ਮੈਂਬਰ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਸਿੰਮੀ ਨੇ ਬਾਖੂਬੀ ਨਿਭਾਈ।