ਪੰਜਾਬ ਵਿੱਚ ਸ਼ੈਲਰ ਅਤੇ ਆੜ੍ਹਤੀਆਂ ਦਾ ਕਾਰੋਬਾਰ ਸਰਕਾਰੀ ਨੀਤੀਆਂ ਕਾਰਨ ਸੰਕਟ ਦੇ ਘੇਰੇ ’ਚ: ਜਗਦੀਪ ਸਿੰਘ ਨਕੱਈ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ
Publish Date: Tue, 24 Nov 2026 06:00 PM (IST)
Updated Date: Tue, 24 Nov 2026 06:04 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਅਣਦੇਖਿਆਂ ਕਰ ਰਹੀ ਹੈ। ‘ਆਪ’ ਸਰਕਾਰ, ਸ਼ੈਲਰਾਂ ਵਿਚ 100 ਫ਼ੀਸਦੀ ਸਮਰੱਥਾ ਅਨੁਸਾਰ ਝੋਨਾ ਲਗਾਉਣ ਦੀ ਕੀਤੀ ਮੰਗ ਪੰਜਾਬ ਦੀ ਕਿਸਾਨੀ ਸਿਰਫ਼ ਖੇਤਾਂ ਵਿਚ ਉੱਗਦੀ ਫ਼ਸਲ ਦਾ ਨਾਂ ਨਹੀਂ, ਸਗੋਂ ਇਸ ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ, ਮਿਹਨਤ ਤੇ ਉਮੀਦਾਂ ਜੁੜੀਆਂ ਹੋਈਆਂ ਹਨ। ਕਿਸਾਨ ਤੋਂ ਲੈ ਕੇ ਆੜ੍ਹਤੀ, ਸ਼ੈਲਰ ਮਾਲਕ ਤੇ ਮੰਡੀ ਵਿਚ ਪਸੀਨਾ ਵਹਾਉਣ ਵਾਲੇ ਮਜ਼ਦੂਰ ਤੱਕ ਹਰ ਵਰਗ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਪਰ ਅੱਜ ਇਹੀ ਵਰਗ ਸਰਕਾਰੀ ਨੀਤੀਆਂ ਤੇ ਪ੍ਰਬੰਧਕੀ ਖਾਮੀਆਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਸ਼ੈਲਰ ਤੇ ਆੜ੍ਹਤੀਆਂ ਦਾ ਕਾਰੋਬਾਰ ਦਿਨੋ-ਦਿਨ ਮੰਦਹਾਲੀ ਵੱਲ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਜਿੱਥੇ ਸ਼ੈਲਰ ਮਾਲਕ ਆਰਥਿਕ ਬੋਝ ਹੇਠ ਦੱਬ ਰਹੇ ਹਨ, ਉੱਥੇ ਹੀ ਆੜ੍ਹਤੀਆਂ ਤੇ ਕਿਸਾਨਾਂ ਨੂੰ ਵੀ ਆਪਣੀ ਮਿਹਨਤ ਦੀ ਕਮਾਈ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ। ਨਕੱਈ ਨੇ ਕਿਹਾ ਕਿ ਅੱਜ ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿਚ ਕਿਸਾਨ 15 ਤੋਂ 20 ਦਿਨਾਂ ਤੱਕ ਝੋਨੇ ਦੀ ਫ਼ਸਲ ਲੈ ਕੇ ਬੈਠੇ ਰਹਿੰਦੇ ਹਨ, ਪਰ ਉਨ੍ਹਾਂ ਨੂੰ ਕਦੇ ਨਮੀ ਵੱਧ ਹੋਣ ਦਾ ਹਵਾਲਾ ਦੇ ਕੇ ਅਤੇ ਕਦੇ ਹੋਰ ਕਾਰਨਾਂ ਕਰਕੇ ਖੱਜਲ-ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਸ਼ੈਲਰ ਉਦਯੋਗ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਸ਼ੈਲਰਾਂ ਵਿਚ ਉਨ੍ਹਾਂ ਦੀ ਸਮਰੱਥਾ ਦੇ ਮੁਕਾਬਲੇ ਲਗਭਗ 52 ਫ਼ੀਸਦੀ ਹੀ ਝੋਨਾ ਲੱਗ ਸਕਿਆ ਹੈ। ਬਾਕੀ ਝੋਨੇ ਦੀ ਮਿਲਿੰਗ ਲਈ ਸ਼ੈਲਰ ਮਾਲਕਾਂ ਨੂੰ ਹੋਰ ਥਾਵਾਂ ’ਤੇ ਨਿਰਭਰ ਹੋਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਧੂ ਟਰਾਂਸਪੋਰਟ ਤੇ ਹੋਰ ਖਰਚੇ ਸਹਿਣੇ ਪੈਂਦੇ ਹਨ। ਪਹਿਲਾਂ ਸ਼ੈਲਰਾਂ ਵਿਚ ਉਨ੍ਹਾਂ ਦੀ 100 ਫ਼ੀਸਦੀ ਸਮਰੱਥਾ ਅਨੁਸਾਰ ਝੋਨਾ ਲਗਾਇਆ ਜਾਂਦਾ ਸੀ ਤੇ ਵਾਧੂ ਝੋਨੇ ਦੀ ਵਿਵਸਥਾ ਵੱਖਰੇ ਤੌਰ ’ਤੇ ਕੀਤੀ ਜਾਂਦੀ ਸੀ। ਪਰ ਮੌਜੂਦਾ ਪ੍ਰਬੰਧਾਂ ਕਾਰਨ ਸ਼ੈਲਰ ਮਾਲਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਆੜ੍ਹਤੀਆਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆੜ੍ਹਤੀਏ ਵੀ ਸਰਕਾਰ ਦੀਆਂ ਨੀਤੀਆਂ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹਨ। ਫ਼ਸਲ ਦੀ ਖ਼ਰੀਦ ਤੋਂ ਲੈ ਕੇ ਉਸ ਦੀ ਅਦਾਇਗੀ ਤੇ ਹੋਰ ਪ੍ਰਬੰਧਕੀ ਕਾਰਵਾਈਆਂ ਤੱਕ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਖਰਚੇ ਤੇ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਸ਼ੈਲਰਾਂ ਵਿਚ ਉਨ੍ਹਾਂ ਦੀ ਸਮਰੱਥਾ ਅਨੁਸਾਰ 100 ਫ਼ੀਸਦੀ ਝੋਨਾ ਲਗਾਇਆ ਜਾਵੇ, ਸ਼ੈਲਰ ਉਦਯੋਗ ਨੂੰ ਰਿਆਇਤੀ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਈ ਜਾਵੇ ਤੇ ਆਉਣ ਵਾਲੇ ਸੀਜ਼ਨ ਲਈ ਚੌਲਾਂ ਦੀ ਸਟੋਰੇਜ ਵਾਸਤੇ ਗੋਦਾਮਾਂ ਨੂੰ ਸਮੇਂ ਸਿਰ ਖਾਲੀ ਕਰਵਾਇਆ ਜਾਵੇ। ਇਸ ਨਾਲ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਆਰਥਿਕ ਰਾਹਤ ਮਿਲੇਗੀ ਅਤੇ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਤੇ ਮਿਲਿੰਗ ਦਾ ਕੰਮ ਵੀ ਸੁਚਾਰੂ ਢੰਗ ਨਾਲ ਚੱਲ ਸਕੇਗਾ।