ਸੁਸਰੀ ਤੋਂ ਪਰੇਸ਼ਾਨ ਭੈਣੀ ਬਾਘਾ ਵਾਸੀਆਂ ਵੱਲੋਂ ਗੁਦਾਮਾਂ ਅੱਗੇ ਰੋਸ ਪ੍ਰਦਰਸ਼ਨ ਪਿੰਡ ਭੈਣੀਬਾਘਾ ਵਿੱਚ ਸੁਸਰੀ ਦੀ ਸਮੱਸਿਆ
Publish Date: Fri, 28 Aug 2026 04:41 PM (IST)
Updated Date: Fri, 28 Aug 2026 04:43 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪਿੰਡ ਭੈਣੀਬਾਘਾ ਵਿਚ ਸੁਸਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਹੇਠ ਗੁਦਾਮਾਂ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪਿੰਡ ਵਿਚ ਸੁਸਰੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸੁਸਰੀ ਕਾਰਨ ਪੂਰ੍ਹਾ ਪਿੰਡ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਘਰਾਂ ਵਿੱਚ ਵੀ ਸੁਸਰੀ ਉੱਡਦੀ ਨਜ਼ਰ ਆ ਰਹੀ ਹੈ ਤੇ ਲੋਕਾਂ ਲਈ ਘਰਾਂ ਵਿਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਦਾਮਾਂ ਵਿਚ ਸਟੋਰ ਕੀਤੀ ਕਣਕ ’ਤੇ ਲੋੜੀਂਦੀ ਦਵਾਈ ਦਾ ਛਿੜਕਾਅ ਨਾ ਹੋਣ ਕਾਰਨ ਸੁਸਰੀ ਦੀ ਸਮੱਸਿਆ ਵਧ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਗੁਦਾਮਾਂ ਵਿੱਚ ਪਈ ਕਣਕ ਵਿਚੋਂ ਸੁਸਰੀ ਫੈਲਣ ਕਾਰਨ ਇਸ ਦਾ ਅਸਰ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ’ਤੇ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਸਰੀ ਘਰਾਂ ਦੇ ਅੰਦਰ ਤੱਕ ਪਹੁੰਚ ਰਹੀ ਹੈ, ਜਿਸ ਕਾਰਨ ਬੱਚਿਆਂ, ਬਜ਼ੁਰਗਾਂ ਤੇ ਹੋਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਗੁਦਾਮਾਂ ਵਿਚ ਸਟੋਰ ਕੀਤੀ ਕਣਕ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਸੁਸਰੀ ਦੀ ਰੋਕਥਾਮ ਲਈ ਨਿਯਮਾਂ ਅਨੁਸਾਰ ਲੋੜੀਂਦਾ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪਿੰਡ ਵਿਚ ਸੁਸਰੀ ਦੀ ਸਮੱਸਿਆ ਦੇ ਕਾਰਨਾਂ ਦੀ ਜਾਂਚ ਕਰਕੇ ਇਸ ਦਾ ਸਥਾਈ ਹੱਲ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਤ ਵਿਭਾਗ ਵੱਲੋਂ ਪਿੰਡ ਵਾਸੀਆਂ ਦੀ ਸਮੱਸਿਆ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਗੁਦਾਮਾਂ ਦਾ ਮੌਕੇ ’ਤੇ ਜਾਇਜ਼ਾ ਲੈ ਕੇ ਸੁਸਰੀ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦਿਵਾਈ ਜਾਵੇ। ਇਸ ਮੌਕੇ ਗੁਰਜੰਟ ਸਿੰਘ ਭੈਣੀ ਬਾਘਾ, ਰੂਪ ਸਿੰਘ ਭੈਣੀ ਬਾਘਾ, ਗੁਰਪ੍ਰੀਤ ਸਿੰਘ ਲੱਡੂ, ਹਰਜੋਤ ਸਿੰਘ, ਚਮਕੌਰ ਸਿੰਘ, ਜੀਤ ਸਿੰਘ, ਪਾਲ ਸਿੰਘ, ਬਲਕਾਰ ਸਿੰਘ, ਸਿਆਰਾ ਸਿੰਘ, ਮਹਿਮਾ ਸਿੰਘ, ਬਾਬੂ ਸਿੰਘ ਸਿੱਖ, ਹਰਬੰਸ ਸਿੰਘ, ਬੰਤਾ ਸਿੰਘ ਸਮੇਤ ਹੋਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।