ਬਰਸਾਤ ਨਾਲ ਗਰਮੀ ਤੋਂ ਰਾਹਤ, ਸੜਕਾਂ 'ਤੇ ਖੜ੍ਹੇ ਪਾਣੀ ਨੇ ਵਧਾਈ ਪਰੇਸ਼ਾਨੀ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ
Publish Date: Thu, 02 Jul 2026 07:13 PM (IST)
Updated Date: Fri, 03 Jul 2026 04:14 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਹੁੰਮਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੀ ਰਾਤ ਹੋਈ ਅਚਾਨਕ ਬਰਸਾਤ ਬਾਅਦ ਮੌਸਮ ਵਿੱਚ ਕੁਝ ਠੰਢਕ ਮਹਿਸੂਸ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਦਿਨ ਵੇਲੇ ਮੁੜ ਧੁੱਪ ਨਿਕਲਣ ਕਾਰਨ ਗਰਮੀ ਵਿੱਚ ਕੁਝ ਵਾਧਾ ਹੋਇਆ, ਪਰ ਰਾਤ ਦੀ ਬਰਸਾਤ ਦਾ ਅਸਰ ਮੌਸਮ ਵਿੱਚ ਸਾਫ਼ ਦਿਖਾਈ ਦਿੱਤਾ। ਦੂਜੇ ਪਾਸੇ ਬਰਸਾਤ ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੜਕਾਂ ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡੇ ਦੇ ਸਾਹਮਣੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ, ਸੀਆਈਏ ਸਟਾਫ਼ ਦਫ਼ਤਰ ਨਜ਼ਦੀਕ ਅਤੇ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪਾਣੀ ਵਿੱਚੋਂ ਲੰਘਣਾ ਪਿਆ। ਮਾਨਸੂਨ ਦੀ ਦਸਤਕ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਸਾਤਾਂ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਝੋਨੇ ਦੀ ਲੁਆਈ ਵਿੱਚ ਰੁੱਝੇ ਕਿਸਾਨਾਂ, ਮਜ਼ਦੂਰਾਂ ਲਈ ਵੀ ਇਹ ਬਰਸਾਤ ਲਾਭਕਾਰੀ ਸਾਬਤ ਹੋਵੇਗੀ। ਲੋਕਾਂ ਨੂੰ ਆਸ ਹੈ ਕਿ ਮੌਸਮ ਠੰਢਾ ਹੋਣ ਨਾਲ ਬਿਜਲੀ ਦੀ ਮੰਗ ਵਿੱਚ ਵੀ ਕੁਝ ਕਮੀ ਆਵੇਗੀ ਅਤੇ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਵਿੱਚ ਵੀ ਰਾਹਤ ਮਿਲ ਸਕਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਸੀ, ਪਰ ਬੀਤੀ ਰਾਤ ਦੀ ਬਰਸਾਤ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਵਾਰ ਮੀਂਹ ਪੈਣ ਨਾਲ ਸ਼ਹਿਰ ਦੀਆਂ ਕਈ ਸੜਕਾਂ ਤੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਵਾਰ-ਵਾਰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਹੋਰ ਬਰਸਾਤਾਂ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।