ਵੁਸ਼ੂ ’ਚ ਮਦਰ ਡਿਵਾਈਨ ਸਕੂਲ ਦੀ ਰਮਨਦੀਪ ਕੌਰ ਨੇ ਜਿੱਤਿਆ ਸੋਨ ਤਗ਼ਮਾ ਮਦਰ ਡਿਵਾਈਨ ਇੰਟਰਨੈਸ਼ਨਲ ਪਬਲਿਕ ਸਕੂਲ
Publish Date: Tue, 13 Oct 2026 04:34 PM (IST)
Updated Date: Tue, 13 Oct 2026 04:36 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਮਦਰ ਡਿਵਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਵੁਸ਼ੂ ਮੁਕਾਬਲਿਆਂ ’ਚ ਸੋਨ ਤਗ਼ਮਾ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ 9 ਤੋਂ 12 ਅਕਤੂਬਰ ਤੱਕ ਬਟਾਲਾ (ਗੁਰਦਾਸਪੁਰ) ਵਿਖੇ ਕਰਵਾਏ ਗਏ ਰਾਜ ਪੱਧਰੀ ਮੁਕਾਬਲਿਆਂ ’ਚ ਜਗਸੀਰ ਸਿੰਘ ਪੰਧੇਰ ਦੀ ਧੀ ਰਮਨਦੀਪ ਕੌਰ ਨੇ ਅੰਡਰ-14 ਉਮਰ ਵਰਗ ਦੇ 36 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਰਮਨਦੀਪ ਨੇ ਸਖ਼ਤ ਮੁਕਾਬਲਿਆਂ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਪ੍ਰਾਪਤੀ ਕੀਤੀ। ਜੇਤੂ ਖਿਡਾਰਨ ਦੇ ਸਕੂਲ ਪੁੱਜਣ ’ਤੇ ਸਟਾਫ਼ ਤੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦੀ ਸਵੇਰ ਦੀ ਸਭਾ ਦੌਰਾਨ ਚੇਅਰਮੈਨ ਜਗਜੀਤ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਕੌਰ ਨੇ ਰਮਨਦੀਪ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਇਸ ਦਾ ਸਿਹਰਾ ਖਿਡਾਰਨ ਦੀ ਲਗਨ ਅਤੇ ਡੀਪੀਈ ਪ੍ਰਦੀਪ ਸਿੰਘ ਦੀ ਸੁਚੱਜੀ ਸਿਖਲਾਈ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਲਗਾਤਾਰ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਹੀ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵੱਲੋਂ ਰਮਨਦੀਪ ਕੌਰ ਨੂੰ ਟਰਾਫ਼ੀ ਤੇ 5100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।