ਮਜ਼ਦੂਰਾਂ ਦੇ ਹੱਕਾਂ ਲਈ ਕਾਨੂੰਨ ਬਹਾਲ ਕਰਵਾਉਣ ਸਬੰਧੀ ਰੈਲੀ
ਮਜ਼ਦੂਰ ਵਿਰੋਧੀ ਕਿਰਤ ਕੋਡ ਰੱਦ ਕਰਨ ਮਜ਼ਦੂਰ
Publish Date: Wed, 01 Apr 2026 06:14 PM (IST)
Updated Date: Thu, 02 Apr 2026 04:07 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਮਜ਼ਦੂਰ ਵਿਰੋਧੀ ਕਿਰਤ ਕੋਡ ਰੱਦ ਕਰਨ ਮਜ਼ਦੂਰ ਪੱਖੀ ਲਹੂ ਭਿਜਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਾਨੂੰਨ ਬਹਾਲ ਕਰਵਾਉਣ ਲਈ ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਰੈਲੀ ਕੀਤੀ ਗਈ। ਇਸ ਮੌਕੇ ਜੇਪੀਐਮਓ ਦੇ ਜ਼ਿਲ੍ਹਾ ਆਗੂ ਸਾਥੀ ਆਤਮਾ ਰਾਮ ਸਰਦੂਲਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਤੇ ਪੰਜਾਬ ਸਰਕਾਰ ਸਮੇਤ ਵੰਨ ਸੁਵੰਨੀਆਂ ਪ੍ਰਾਂਤਕ ਸਰਕਾਰਾਂ ਵੱਲੋਂ ਧੜਾਧੜ ਲਾਗੂ ਕੀਤੇ ਜਾ ਰਹੇ ਕਿਰਤ ਕੋਡ ਕਿਰਤੀਆਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਣਾ ਕਾਰਪੋਰੇਟਾਂ ਦੀ ਸਾਜ਼ਿਸ ਹੈ। ਉਨ੍ਹਾਂ ਕੇਂਦਰ ਸਰਕਾਰ ਉਪਰ ਦੋਸ਼ ਲਾਇਆ ਕਿ ਉਦਯੋਗਾਂ ਨੂੰ ਸਸਤੀ ਲੇਬਰ ਮੁਹੱਈਆ ਕਰਵਾਉਣ ਲਈ ਪੇਂਡੂ ਖ਼ੇਤਰ ਦੇ ਮਜ਼ਦੂਰਾਂ ਨੂੰ ਸੀਮਤ ਦਿਨਾਂ ਲਈ ਰੁਜ਼ਗਾਰ ਦੀ ਗਾਰੰਟੀ ਕਰਨ ਵਾਲੇ ਮਨਰੇਗਾ ਕਾਨੂੰਨ ਦਾ ਭੋਗ ਪਾ ਦਿੱਤਾ ਹੈ। ਇਸ ਲਈ ਅੱਜ ਦੇ ਦਿਨ ਨੂੰ ਪੂਰੇ ਦੇਸ਼ ਵਿਚ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਸੀਟੀਯੂ ਦੇ ਸੂਬਾਈ ਆਗੂ ਸਾਥੀ ਲਾਲ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਬੀਜ ਐਕਟ 2025 ਬਿਜਲੀ ਸੋਧ ਬਿੱਲ 2025, ਰਾਹੀਂ ਮੋਦੀ ਸਰਕਾਰ ਫੈਡਰਲ ਅਧਿਕਾਰਾਂ ਦਾ ਖਾਤਮਾ ਕਰਨਾ ਚਾਹੁੰਦੀ ਹੈ। ਖੇਤੀ ਸੈਕਟਰ ਨੂੰ ਬਹੁ ਕੌਮੀ ਕੰਪਨੀਆਂ ਤੇ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕਰੋੜਾਂ ਗਰੀਬ ਖਪਤਕਾਰਾਂ ਦੇ ਘਰਾਂ ਵਿੱਚ ਹਨੇਰਾ ਕਰਨਾ ਚਾਹੁੰਦੀ ਹੈ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਦੀ ਆਪ ਸਰਕਾਰ ਦੇ ਮਜ਼ਦੂਰ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।