ਮੀਂਹ ਦੇ ਕਾਰਨ ਲੋਕਾਂ ਦੇ ਚਿਹਰਿਆਂ ’ਤੇ ਆਈ ਰੌਣਕ ਆਮ ਲੋਕਾਂ ਦੇ ਚਿਹਰਿਆਂ
Publish Date: Fri, 24 Jul 2026 07:45 PM (IST)
Updated Date: Sat, 25 Jul 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਆਮ ਲੋਕਾਂ ਦੇ ਚਿਹਰਿਆਂ ’ਤੇ ਉਸ ਸਮੇਂ ਰੌਣਕ ਆ ਗਈ, ਜਦ ਅਚਾਨਕ ਸ਼ਾਮ ਨੂੰ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਭਾਵੇਂਕਿ ਮੀਂਹ ਥੋੜ੍ਹਾ ਸਮਾਂ ਹੀ ਪਿਆ, ਪਰ ਇਸ ਨਾਲ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਇੱਕ ਪਾਸੇ ਜਿੱਥੇ ਇਹ ਲੋਕਾਂ ਨੂੰ ਰਾਹਤ ਮਿਲੀ ਹੈ, ਉਥੇ ਹੀ ਦੂਜੇ ਪਾਸੇ ਕੁੱਝ ਥਾਵਾਂ ’ਤੇ ਪਹਿਲਾਂ ਹੀ ਸੀਵਰੇਜ਼ ਦੇ ਓਵਰਫ਼ਲੋਅ ਦਾ ਪਾਣੀ ਫੈਲਿਆ ਹੋਇਆ ਸੀ, ਉਥੇ ਇਹ ਪਾਣੀ ਦਾ ਵੀ ਰਲਾਅ ਹੋ ਗਿਆ। ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦੇ ਕਾਰਨ ਕੁੱਝ ਥਾਵਾਂ ’ਤੇ ਕੂੜਾ ਖਿੱਲਰਿਆ ਪਿਆ ਹੈ, ਜਿਸ ਕਾਰਨ ਉਸ ਵਿੱਚੋਂ ਵੀ ਬਦਬੂ ਫੈਲਣ ਲੱਗਦੀ ਹੈ ਅਤੇ ਉਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ ਬਾਅਦ ਭਾਵੇਂ ਮੀਂਹ ਨੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ, ਪਰ ਮੀਂਹ ਦੇ ਪਾਣੀ ਦੀ ਨਿਕਾਸੀ ਵਿਵਸਥਾ ਅਤੇ ਪ੍ਰਸ਼ਾਸਨਿਕ ਨਾਕਾਮੀਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ। ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਤੋਂ ਹੀ ਸੀਵਰੇਜ਼ ਓਵਰਫ਼ਲੋਅ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਫੈਲਿਆ ਹੋਇਆ ਸੀ। ਰਾਜ ਕੁਮਾਰ , ਸੁਖਵਿੰਦਰ ਸਿੰਘ ਅਤੇ ਖੁਸ਼ਵਿੰਦਰ ਦਾ ਆਖਣਾ ਸੀ ਕਿ ਕਈ ਜਗ੍ਹਾ ਮੀਂਹ ਦੇ ਪਾਣੀ ਦਾ ਇਸ ਗੰਦੇ ਪਾਣੀ ਨਾਲ ਰਲਾਅ ਹੋਣ ਕਰਕੇ ਸਥਿਤੀ ਹੋਰ ਵੀ ਗੰਭੀਰ ਹੋ ਗਈ। ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਇਸੇ ਬਦਬੂਦਾਰ ਅਤੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਣ ਵਿੱਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਵੱਡਾ ਕਾਰਨ ਬਣੀ ਹੋਈ ਹੈ। ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਮੁੱਖ ਬਾਜ਼ਾਰਾਂ ਵਿੱਚ ਕੂੜੇ ਦੇ ਢੇਰ ਖਿਲਰੇ ਪਏ ਹਨ। ਮੀਂਹ ਦੇ ਪਾਣੀ ਵਿੱਚ ਕੂੜਾ ਭਿੱਜਣ ਕਰਕੇ ਉਸ ਵਿੱਚੋਂ ਅਸਹਿ ਬਦਬੂ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਮੀਂਹ ਦੀ ਨਿਕਾਸੀ ਦੇ ਪਾਣੀ ਦੇ ਪੂਰ੍ਹੇ ਪ੍ਰਬੰਧ ਕੀਤੇ ਜਾਣ। ਸੀਵਰੇਜ਼ ਓਵਰਫ਼ਲੋ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ।