ਮੀਂਹ ਤੇ ਹਨੇਰੀ ਨਾਲ ਡਿੱਗੇ ਰੁੱਖ ਤੇ ਖੰਭੇ, ਰਾਹ ਹੋਏ ਬੰਦ
ਰਾਤੀ ਮੀਂਹ ਅਤੇ ਹਨੇਰੀ
Publish Date: Wed, 01 Apr 2026 06:22 PM (IST)
Updated Date: Thu, 02 Apr 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਰਾਤ ਨੂੰ ਮੀਂਹ ਤੇ ਹਨੇਰੀ ਚੱਲਣ ਕਾਰਨ ਕਈ ਥਾਵਾਂ ’ਤੇ ਖੇਤਾਂ ’ਚ ਕਣਕਾਂ ਦੀ ਫ਼ਸਲ ਵਿਛ ਗਈ। ਕਈ ਥਾਵਾਂ ’ਤੇ ਰੁੱਖ ਤੇ ਖੰਭੇ ਡਿੱਗ ਗਏ। ਕਣਕਾਂ ਵਿਛਣ ਨਾਲ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਉਥੇ ਸੜਕਾਂ ’ਤੇ ਡਿੱਗੇ ਰੁੱਖਾਂ ਤੇ ਖੰਭਿਆਂ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖੰਭੇ ਡਿੱਗਣ ਕਾਰਨ ਮਾਨਸਾ ਖੁਰਦ ਤੋਂ ਬੱਪੀਆਣਾ, ਫ਼ਫੜੇ ਭਾਈਕੇ, ਬੁਢਲਾਡਾ ਵਾਲਾ ਰਾਹ ਬੰਦ ਹੋ ਗਿਆ। ਇਸ ਕਾਰਨ ਆਵਾਜਾਈ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਆਖਣਾ ਸੀ ਕਿ ਇਹ ਰੁੱਖ ਅਤੇ ਖੰਭੇ ਡਿੱਗਣ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਰਾਤੀ ਮੀਂਹ ਅਤੇ ਹਨੇਰੀ ਆਈ ਅਤੇ ਇਸ ਨਾਲ ਮੌਸਮ ’ਚ ਬਦਲਾਅ ਹੋ ਗਿਆ। ਇਸ ਤੋਂ ਇਲਾਵਾ ਹਨੇਰੀ ਕਾਰਨ ਕਈ ਥਾਵਾਂ ’ਤੇ ਰੁੱਖ ਡਿੱਗ ਗਏ ਅਤੇ ਖੰਭੇ ਡਿੱਗਣ ਨਾਲ ਤਾਰਾਂ ਪੁੱਟੀਆਂ ਗਈਆਂ। ਮਾਨਸਾ ਖੁਰਦ ਤੋਂ ਬੱਪੀਆਣਾ, ਫ਼ਫੜੇ ਭਾਈਕੇ ਵਾਲਾ ਰਾਹ ਬੰਦ ਹੋ ਗਿਆ ਤੇ ਆਵਾਜਾਈ ਵਿੱਚ ਵਿਘਨ ਪਿਆ। ਬਿਜਲੀ ਮੁਲਾਜ਼ਮ ਇਹ ਡਿੱਗੇ ਹੋਏ ਖੰਭਿਆ ਨੂੰ ਸਹੀ ਕਰਦੇ ਨਜ਼ਰ ਆਏ। ਬੁਢਲਾਡਾ ਡਵੀਜ਼ਨ ਦੇ ਰੋਹਿਤ ਮੋਂਗਾ ਨੇ ਦੱਸਿਆ ਕਿ ਪਰ 15 ਦੇ ਕਰੀਬ ਖੰਭੇ ਭੀਖੀ ਵਿੱਚ ਡਿੱਗੇ ਹਨ ਅਤੇ ਹੋਰ ਜਾਣਕਾਰੀ ਅਸੀਂ ਇਕੱਠੀ ਕਰ ਰਹੇ ਹਨ। ਇਸ ਨਾਲ ਕੁੱਝ ਜਗ੍ਹਾ ਬਿਜਲੀ ਪ੍ਰਭਾਵਿਤ ਹੋਈ ਹੈ, ਜਿਸ ਨੂੰ ਚਾਲੂ ਕਰਨ ਦੀ ਜਲਦ ਕੋਸ਼ਿਸ ਕੀਤੀ ਜਾ ਰਹੀ ਹੈ। ਐਕਸੀਅਨ ਸੁਧੀਰ ਕੁਮਾਰ ਨੇ ਦੱਸਿਆ ਕਿ ਮਾਨਸਾ ਡਵੀਜ਼ਨ ਵਿੱਚ 12 ਦੇ ਕਰੀਬ ਖੰਭੇ ਅਤੇ 2 ਟਰਾਂਸਫ਼ਾਰਮਰ ਡਿੱਗੇ ਹਨ, ਜਿਸ ਕਾਰਨ ਕੁੱਝ ਘਰਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਮਾਨਸਾ ਲੋਕਲ ਗਰਿੱਡ ਕੋਲ ਦੋ ਖੰਭੇ, 3 ਮੂਸੇ ਕੋਲ, ਇੱਕ ਰਾਏਪੁਰ ਅਤੇ ਹੋਰ ਅਲੱਗ ਅਲੱਗ ਜਗ੍ਹਾ ਖੰਭੇ ਡਿੱਗੇ ਹਨ। ਕਈ ਜਗ੍ਹਾ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ, ਜਦੋਂਕਿ ਕੁੱਝ ਥਾਵਾਂ ’ਤੇ ਠੀਕ ਕੀਤੀ ਜਾ ਰਹੀ ਹੈ।