ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗਿਆ ਮਾਡਰਨ ਸਕੂਲ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ
Publish Date: Sun, 27 Sep 2026 04:25 PM (IST)
Updated Date: Sun, 27 Sep 2026 04:27 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਵਿਖੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਚੱਲ ਰਿਹਾ ਵਿਸ਼ਵ ਪੰਜਾਬੀ ਦਿਵਸ ਉਤਸ਼ਾਹ, ਮਾਣ ਤੇ ਖੁਸ਼ੀ ਨਾਲ ਮਨਾਇਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਵਿਰਾਸਤ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਸਕੂਲ ਦੇ ਸਾਰੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ‘ਪੰਜਾਬੀ ਦਸਤਖ਼ਤ’, ‘ਇੱਕ ਲਿਖਤ ਪੰਜਾਬੀ ਦੇ ਨਾਮ’, ‘ਮੇਰਾ ਮੋਬਾਇਲ – ਮੇਰੀ ਪੰਜਾਬੀ’, ‘ਪੰਜਾਬੀ ਅਤੇ ਏਆਈ’, ‘ਇੱਕ ਕਿਤਾਬ ਪੰਜਾਬੀ ਦੀ’, ‘ਵਿਰਾਸਤ ਦੀ ਆਵਾਜ਼’ ਅਤੇ ‘ਇੱਕ ਮਿੰਟ ਪੰਜਾਬੀ’ ਵਰਗੀਆਂ ਵੱਖ - ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਅਮਨਦੀਪ ਦੋਦਰੀਆਂ ਨੇ ਕਿਹਾ ਕਿ ਮਾਂ - ਬੋਲੀ ਕਿਸੇ ਵੀ ਕੌਮ ਦੀ ਪਹਿਚਾਣ, ਵਿਰਾਸਤ ਅਤੇ ਸੱਭਿਆਚਾਰ ਦੀ ਮਜ਼ਬੂਤ ਨੀਂਹ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਆਪਣੀ ਮਾਂ-ਬੋਲੀ ਪੰਜਾਬੀ ਨੂੰ ਪੜ੍ਹੀਏ, ਲਿਖੀਏ, ਬੋਲੀਏ ਅਤੇ ਇਸਦੀ ਅਮੀਰ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸੰਕਲਪ ਕਰੀਏ। ਉਨ੍ਹਾਂ ਕਿਹਾ ਕਿ ਪੰਜਾਬੀ ਦੀ ਤਰੱਕੀ ਸਿਰਫ਼ ਇੱਕ ਦਿਨ ਮਨਾਉਣ ਨਾਲ ਨਹੀਂ, ਸਗੋਂ ਇਸਨੂੰ ਰੋਜ਼ਾਨਾ ਜੀਵਨ, ਸਿੱਖਿਆ, ਤਕਨਾਲੋਜੀ ਅਤੇ ਸੰਚਾਰ ਦਾ ਹਿੱਸਾ ਬਣਾਉਣ ਨਾਲ ਸੰਭਵ ਹੈ। ਸਕੂਲ ਵੱਲੋਂ ਕਰਵਾਈਆਂ ਗਈਆਂ ਇਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਪੰਜਾਬੀ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਭਾਸ਼ਾਈ ਵਿਰਾਸਤ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਉਪਰਾਲਾ ਸਾਬਤ ਹੋਈਆਂ।