ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਜ਼ਿਲ੍ਹੇ ਭਰ ਦੇ ਦਫ਼ਤਰਾਂ ’ਚ ਮੁਕੰਮਲ ਹੜਤਾਲ, ਸਰਕਾਰੀ ਮਸ਼ੀਨਰੀ ਠੱਪ, ਕੱਲ੍ਹ ਫ਼ਿਰ ਹੜ੍ਹਤਾਲ ਰਹੇਗੀ ਜਾਰੀ ਪੰਜਾਬ ਸਟੇਟ ਮਨਿਸਟਰਲ ਸਰਵਿਸ ਯੂਨੀਅਨ
Publish Date: Mon, 17 Aug 2026 05:09 PM (IST)
Updated Date: Mon, 17 Aug 2026 05:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਸਟੇਟ ਮਨਿਸਟਰਲ ਸਰਵਿਸ ਯੂਨੀਅਨ (ਪੀਐੱਸਐੱਮਐੱਸਯੂ) ਪੰਜਾਬ ਦੇ ਸੱਦੇ ਤੇ ਉਲੀਕੇ ਗਏ ਤਿੱਖੇ ਸੰਘਰਸ਼ ਤਹਿਤ ਅੱਜ ਜ਼ਿਲ੍ਹਾ ਮਾਨਸਾ ਵਿਚ ਪੂਰਨ ਹੜਤਾਲ ਕੀਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ ਵਿਚ ਕੰਮ ਬਿਲਕੁਲ ਬੰਦ ਰਹੇ। ਯੂਨੀਅਨ ਦੇ ਆਗੂਆਂ ਹਰਪ੍ਰੀਤ ਸਿੰਘ ਪ੍ਰਧਾਨ, ਡੀਸੀ ਦਫ਼ਤਰ ਯੂਨੀਅਨ ਤੇ ਸਟੇਟ ਕਾਨੂੰਨੀ ਸਲਾਹਕਾਰ ਤੇ ਸੰਦੀਪ ਸਿੰਘ ਵਾਲੀਆ ਪ੍ਰਧਾਨ, ਸਿਹਤ ਵਿਭਾਗ ਮਨਿਸਟਰੀਅਲ ਯੂਨੀਅਨ ਸੁਖਵਿੰਦਰ ਸਿੰਘ ਵਾਟਰ ਸਪਲਾਈ ਵਿਭਾਗ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਹੜਤਾਲ ਕੱਲ੍ਹ 18 ਅਗਸਤ ਨੂੰ ਵੀ ਜਾਰੀ ਰਹੇਗੀ। ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰਦਿਆਂ ਪੀਐਸਐਮਐਸਯੂ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਖੁਡਾਲ ਅਤੇ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ 27 ਅਗਸਤ ਨੂੰ ਪੂਰੇ ਪੰਜਾਬ ਵਿੱਚ ਮਹਾਂ - ਬੰਦ ਕੀਤਾ ਜਾਵੇਗਾ। ਇਸ ਮਹਾਂ-ਬੰਦ ਦੌਰਾਨ ਸਵੀਪਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੇ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਇਕਜੁੱਟ ਹੋ ਕੇ ਕੰਮ ਛੱਡਣਗੇ। ਸਰਕਾਰੀ ਗੱਡੀਆਂ, ਸਰਕਾਰੀ ਦਫ਼ਤਰਾਂ ਦਾ ਕੰਮਕਾਜ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਪੂਰੀ ਤਰ੍ਹਾਂ ਠੱਪ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਇਸ ਨਾਲ ਹੋਣ ਵਾਲੇ ਹਰ ਤਰ੍ਹਾਂ ਦੇ ਨੁਕਸਾਨ ਅਤੇ ਆਮ ਜਨਤਾ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਮਹਿੰਦਰ ਸਿੰਘ ਸੁਪਰਡੈਂਟ, ਕਮਰਜੀਤ ਸਿੰਘ ਸੁਪਰਡੈਂਟ, ਗੁਰਪ੍ਰੀਤ ਸਿੰਘ, ਹੁਸਨਪ੍ਰੀਤ ਸਿੰਘ, ਮਹੇਸ਼ ਕੁਮਾਰ ਅਮ੍ਰਿਤਪਾਲ, ਹਰਪ੍ਰੀਤ ਸਿੰਘ, ਸਰਵਜੀਤ ਸਿੰਘ ਤੋਂ ਇਲਾਵਾ ਆਦਿ ਵੱਖ - ਵੱਖ ਵਿਭਾਗਾਂ ਦੇ ਆਗੂ ਹਾਜ਼ਰ ਸਨ।