ਪੁਲਿਸ ਮੁਲਾਜ਼ਮ ‘ਤੇ ਚਿੱਟੇ ਦਾ ਨਸ਼ਾ ਕਰਨ ਦੇ ਦੋਸ਼, ਬੁਢਲਾਡਾ ’ਚ ਹੰਗਾਮਾ ਪੰਜਾਬ ਭਰ ’ਚ ਪੰਜਾਬ ਭਰ ’ਚ
Publish Date: Fri, 30 Oct 2026 06:28 PM (IST)
Updated Date: Sat, 31 Oct 2026 04:02 AM (IST)
ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੀ ਡਿਊਟੀ ’ਤੇ ਮਾਨਸਾ ਆਇਆ ਸੀ ਪੁਲਿਸ ਮੁਲਾਜ਼ਮ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪੰਜਾਬ ਭਰ ’ਚ ਵਿਵਾਦਾਂ ‘ਚ ਘਿਰੀ ਪੰਜਾਬ ਪੁਲਿਸ ਅੱਜ ਫ਼ਿਰ ਉਦੋਂ ਚਰਚਾ ’ਚ ਆ ਗਈ, ਜਦ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਦੇ ਆਈਟੀਆਈ ਚੌਕ ’ਚ ਇੱਕ ਪੁਲਿਸ ਮੁਲਾਜ਼ਮ ਨੂੰ ਕੁੱਝ ਨੌਜਵਾਨਾਂ ਵੱਲੋਂ ਚਿੱਟੇ ਦਾ ਸੇਵਨ ਕਰਦਿਆਂ ਕਾਬੂ ਕਰਕੇ ਧਰਨਾ ਲਾ ਦਿੱਤਾ ਗਿਆ। ਇਸ ਦੌਰਾਨ ਵੀਡਿਓ ਵਾਇਰਲ ਕਰ ਦਿੱਤੀ, ਜਿਸ ਦੇ ਚੱਲਦਿਆਂ ਮੌਕੇ ’ਤੇ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਉਨ੍ਹਾਂ ਵੀ ਇਸ ਦੌਰਾਨ ਪੁਲਿਸ ਮੁਲਾਜ਼ਮ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਕਤ ਪੁਲਿਸ ਮੁਲਾਜ਼ਮ ਨੂੰ ਜਦੋਂ ਉਥੋਂ ਸਿਟੀ ਥਾਣਾ ਬੁਢਲਾਡਾ ਦੇ ਪੁਲਿਸ ਮੁਲਾਜ਼ਮ ਭੀੜ ’ਚੋਂ ਕੱਢਣ ਦੀ ਕੋਸ਼ਿਸ ਕਰਨ ਲੱਗੇ ਤਾਂ ਇਸ ਦੌਰਾਨ ਉਨ੍ਹਾਂ ਦੀ ਲੋਕਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਬਾਅਦ ਪੁਲਿਸ ਮੁਲਾਜ਼ਮ ਦਾ ਹਸਪਤਾਲ ’ਚ ਡੋਪ ਟੈਸਟ ਕਰਵਾਏ ਜਾਣ ’ਤੇ ਪਾਜ਼ੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਪੁਲਿਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਕਾਰਨ ਪੁਲਿਸ ’ਤੇ ਲਗਾਤਾਰ ਉੱਠਦੇ ਸਵਾਲਾਂ ਕਾਰਨ ਇਸ ਵਾਰ ਫ਼ਿਰ ਪੁਲਿਸ ਲੋਕਾਂ ਦੇ ਸਵਾਲਾਂ ਦੇ ਕਟਹਿਰੇ ’ਚ ਆ ਗਈ ਹੈ। ਵੇਰਵੇ ਅਨੁਸਾਰ ਆਈਟੀਆਈ ਚੌਕ ’ਚ ਇੱਕ ਪੁਲਿਸ ਮੁਲਾਜ਼ਮ ਨੂੰ ਨਸ਼ੇ ਦਾ ਸੇਵਨ ਕਰਦਿਆਂ ਕੁਝ ਲੋਕਾਂ ਵੱਲੋਂ ਫੜ ਲਿਆ ਗਿਆ ਸੀ ਤੇ ਉਸ ਦੇ ਬਾਅਦ ਲੋਕਾਂ ਨੇ ਅੱਜ ਉਥੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ ਵੀਡਿਓ ਵੀ ਵਾਇਰਲ ਕੀਤੀ, ਜਿਸ ’ਚ ਲੋਕ ਉਸ ਉਪਰ ਉਸ ਕੋਲ ਨਸ਼ਾ ਹੋਣ ਦਾ ਤੇ ਉਸ ਦੇ ਨਸ਼ਾ ਕੀਤੇ ਹੋਣ ਦਾ ਦੋਸ਼ ਲਾਉਂਦੇ ਦਿਖ ਰਹੇ ਹਨ। ਇਸ ਦੌਰਾਨ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ ਤੇ ਉਕਤ ਪੁਲਿਸ ਮੁਲਾਜ਼ਮ ਲੋਕਾਂ ਨੇ ਧਰਨੇ ’ਚ ਬਿਠਾ ਲਿਆ। ਕਾਫ਼ੀ ਸਮਾਂ ਇਹ ਹੰਗਾਮਾ ਚੱਲਦਾ ਰਿਹਾ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਉਥੋਂ ਕੱਢਿਆ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਕੋਲੋਂ ਬਰਾਮਦਗੀ ਕੁਝ ਨਹੀਂ ਹੋਈ, ਜਦੋਂਕਿ ਉਸ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਐੱਸਪੀ ਨਰਿੰਦਰ ਸਿੰਘ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਟੀਆਈ ਚੌਕ ’ਚ ਇੱਕ ਧਰਨਾ ਲੱਗਣ ਦੇ ਸਬੰਧ ’ਚ ਜਾਣਕਾਰੀ ਮਿਲੀ ਸੀ। ਇਸ ਦੇ ਬਾਅਦ ਜਦ ਥਾਣਾ ਸਿਟੀ ਬੁਢਲਾਡਾ ਦੇ ਐੱਸਐੱਚਓ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਿਆ ਕਿ ਇੱਕ ਪੁਲਿਸ ਮੁਲਾਜ਼ਮ ਏਐੱਸਆਈ ਸਹਿਜਪ੍ਰੀਤ ਸਿੰਘ, ਜੋ ਕਿ ਬੁਢਲਾਡਾ ਵਿਖੇ ਮੋਹਾਲੀ ਤੋਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮਾਨਸਾ ਜ਼ਿਲ੍ਹੇ ’ਚ ਸੇਵਾਵਾਂ ਦੇ ਰਿਹਾ ਸੀ। ਲੋਕਾਂ ਦਾ ਸ਼ੱਕ ਸੀ ਕਿ ਉਹ ਨਸ਼ੇ ਦਾ ਸੇਵਨ ਕਰ ਰਿਹਾ ਸੀ ਤੇ ਇਸ ਦੇ ਬਾਅਦ ਉਸ ਨੂੰ ਨਾਲ ਲੈ ਕੇ ਸਿਵਲ ਹਸਪਤਾਲ ’ਚ ਡੋਪ ਟੈਸਟ ਕਰਵਾਇਆ। ਇਸ ਦੇ ਬਾਅਦ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਥਾਣਾ ਸਿਟੀ ਬੁਢਲਾਡਾ ’ਚ ਬਣਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਰਹੇ ਹਾਂ। ਇਸ ਦੇ ਬਾਅਦ ਇਹ ਚਿੱਟਾ ਕਿੱਥੋਂ ਲੈ ਕੇ ਆਇਆ ਸੀ ਤੇ ਹੋਰ ਪਹਿਲੂਆਂ ’ਤੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜਦ ਲੋਕਾਂ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ ਕੀਤੀ ਗਈ ਤਾਂ ਉਹ ਭੱਜਿਆ ਸੀ ਤੇ ਉਸ ਕੋਲੋਂ ਕੋਈ ਨਸ਼ੀਲੀ ਚੀਜ਼ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਸ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਸ ਨੂੰ ਲੈ ਕੇ ਉਹ ਅਗਲੀ ਕਾਰਵਾਈ ਕਰ ਰਹੇ ਹਨ।