ਪਰਵਿੰਦਰ ਝੋਟੇ ਦੇ ਪਿਤਾ ਨੇ ਸਰਕਾਰ ’ਤੇ ਚੁੱਕੇ ਸਵਾਲ ਪੰਜਾਬ ਦੀ ਜਨਤਾ ਜਿੱਥੇ
Publish Date: Wed, 14 Oct 2026 05:40 PM (IST)
Updated Date: Wed, 14 Oct 2026 05:42 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਦੀ ਜਨਤਾ ਜਿੱਥੇ ਕਹੇਗੀ, ਉਥੇ ਅੰਗੂਠਾ ਲਗਾਵਾਂਗਾ। ਹੁਣ ਉਹ ਨਹੀਂ, ਪੰਜਾਬ ਦੇ ਨੌਜਵਾਨ ਲੜਨਗੇ। ਜੇਕਰ ਪੰਜਾਬ ਦੇ ਨੌਜਵਾਨ ਨਸ਼ੇ ਅਤੇ ਅਜਿਹੇ ਪਰਵਿੰਦਰ ਸਿੰਘ ਝੋਟਾ ਨੂੰ ਮਾਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਨਹੀਂ ਲੜਦੇ ਤਾਂ ਪੰਜਾਬ ’ਚ ‘ਚਿੱਟੇ ਨਾਲ ਮੌਤਾਂ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ। ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਤਿੰਨਕੋਣੀ ‘ਤੇ ਟੈਂਟ ਗੱਡ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਭਾਵੁਕ ਹੁੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਨੇ ਕਹੀਆਂ। ਉਨ੍ਹਾਂ ਕਿਹਾ ਕਿ ਉਹ ਹੁਣ ਨਹੀਂ, ਸ਼ੁਰੂ ਤੋਂ ਹੀ ਨੌਜਵਾਨਾਂ ਦੇ ਹੱਕਾਂ ਲਈ ਲੜਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਚਲਿਆ ਗਿਆ ਅਤੇ ਪਿੱਛੇ ਇਨ੍ਹਾਂ ਆਪਣੇ ਬੱਚਿਆਂ ਨੂੰ ਛੱਡ ਗਿਆ। ਇਹ ਨੌਜਵਾਨਾਂ ਖ਼ਾਤਰ ਲੜਿਆ ਹੈ ਅਤੇ ਨੌਜਵਾਨ ਉਸ ਲਈ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਉਹ ਮੁੱਕੇਬਾਜ਼ੀ ਦਾ ਖਿਡਾਰੀ ਬਣਿਆ ਅਤੇ ਫ਼ਿਰ ਨਸ਼ਿਆਂ ਨੂੰ ਛੁਡਾਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਬਠਿੰਡਾ ਉਸ ਨੂੰ ਇੰਜੀਨੀਅਰ ਕਰਨ ਲਈ ਲਗਾਇਆ, ਜਦਕਿ ਉਸ ਨੇ ਬਾਰ੍ਹਵੀਂ ਨਾਨ ਮੈਡੀਕਲ ਨਾਲ ਕੀਤੀ ਸੀ। ਸਾਲ ਕੁ ਪੜ੍ਹਾਈ ਦੇ ਬਾਅਦ ਉਸ ਨੇ ਖੁਦ ਕਿਹਾ ਕਿ ਉਹ ਤਾਂ ਖੇਡਣਾ ਚਾਹੁੰਦਾ ਹੈ ਤੇ ਫ਼ਿਰ ਸੱਦਾ ਸਿੰਘ ਵਾਲਾ ਦੇ ਨੌਜਵਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਟਰਾਇਲ ਦਿਵਾਉਣ ਲਈ ਲੈ ਗਏ ਤੇ ਉਨ੍ਹਾਂ ਨੇ ਪੈਸੇ ਵੀ ਪਰਵਿੰਦਰ ਦੇ ਕਿਰਾਏ ਦੇ ਖੁਦ ਲਗਾਏ। ਉਨ੍ਹਾਂ ਦੱਸਿਆ ਕਿ ਪਰਵਿੰਦਰ ਕੋਲ ਪੈਸੇ ਨਹੀਂ ਸਨ, ਪਰ ਜਦ ਉਹ ਉਥੇ ਕਾਲਜ ਵਿਚ ਖੇਡਿਆ ਤਾਂ ਉਸ ਨੂੰ ਦੂਜੇ ਤਕੜੇ ਮੁੱਕੇਬਾਜ਼ ਦੇ ਵੀ ਖ਼ੂਨ ਦੀਆਂ ਤਾਰੀਆਂ ਵਗਾ ਦਿੱਤੀਆਂ। ਉਸ ਨੂੰ ਫ਼ਿਰ ਪ੍ਰਬੰਧਕਾਂ ਨੇ ਖੇਡਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਜੇ ਫ਼ੀਸ ਨਹੀਂ ਤਾਂ ਉਹ ਤਿੰਨ ਸਾਲ ਖੇਡਿਆ ਅਤੇ ਨੌਜਵਾਨਾਂ ਦੇ ਹੱਕਾਂ ਲਈ ਉਥੇ ਵੀ ਲੜਦਾ ਰਿਹਾ। ‘ਬਾਬਾ ਬੌਕਸਰ’ ਦੇ ਨਾਂ ‘ਤੇ ਮਸ਼ਹੂਰ ਹੋਇਆ। ਇਸ ਦੇ ਦੋਸਤ ਦੀ ਲੜਾਈ ਹੋਈ ਤਾਂ ਇਸ ਦਾ ਵੀ ਨਾਮ ਆ ਗਿਆ, ਪਰ ਇਹ ਆਪਣੇ ਦੋਸਤ ਲਈ ਖੜ੍ਹਾ ਰਿਹਾ ਤੇ ਬੁੜੈਲ ਜੇਲ੍ਹ ਵੀ ਇਸ ਨੇ ਕੱਟੀ। ਕਈ ਨੌਜਵਾਨਾਂ ਦੀ ਇਸ ਨੇ ਮਦਦ ਕੀਤੀ ਤੇ ਉਹ ਵੱਡੇ ਅਫ਼ਸਰ ਵੀ ਬਣ ਗਏ ਹਨ। ਇਸ ਨੂੰ ਪੁਲਿਸ ’ਚ ਭਰਤੀ ਕਰਦੇ ਸਨ ਪਰ ਇਹ ਹੋਇਆ ਨਹੀਂ। ਪਰ ਸਮੇਂ ਦੀਆਂ ਸਰਕਾਰਾਂ ਅੱਗੇ ਕੀ ਜ਼ੋਰ ਚੱਲਦਾ ਹੈ। ਪਰਵਿੰਦਰ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਰਾਤ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਆ ਗਏ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਰਜ਼ੀ ਦੇ ਦਿਉ। ਉਨ੍ਹਾਂ ਕਿਹਾ ਕਿ ਉਹ ਸਾਬਕਾ ਫ਼ੌਜੀ ਰਹੇ ਹਨ। ਪਰਵਿੰਦਰ ਸਿੰਘ ਨੂੰ ਸ਼ਰੇ ਬਜ਼ਾਰ ਵਿਚ ਮਾਰ ਦਿੱਤਾ ਗਿਆ ਹੈ। ਭਾਨੇ ਸਿੱਧੂ ਨਾਲ ਵੀ ਪੁਲਿਸ ਨੇ ਧੱਕਾ ਮੁੱਕੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਐੱਸਐੱਸਪੀ ਕਹਿ ਦਿੱਤਾ ਹੈ ਕਿ ਉਹ ਹੁਣ ਕੁੱਝ ਨਹੀਂ ਕਰਨਗੇ, ਜਿੱਥੇ ਪੰਜਾਬ ਦੀ ਜਨਤਾ ਕਹੂਗੀ ਉਥੇ ਅੰਗੂਠਾ ਲਗਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਗਰੀਬ ਬੰਦੇ ਹਾਂ ਲੜ ਨਹੀਂ ਸਕਦੇ। ਪਰ ਪੰਜਾਬ ਦੀ ਜਨਤਾ ਲੜੇਗੀ। ਪੰਜਾਬ ਦੇ ਨੌਜਵਾਨ ਲੜਨਗੇ। ਜੇਕਰ ਉਹ ਨਾ ਲੜੇ ਤਾਂ ਇਸੇ ਤਰ੍ਹਾਂ ਨੌਜਵਾਨਾਂ ਦੀਆਂ ਚਿੱਟੇ ਨਾਲ ਮੌਤਾਂ ਹੁੰਦੀਆਂ ਰਹਿਣਗੀਆਂ। ਚਾਰ ਮਹੀਨੇ ਸਰਕਾਰ ਦੇ ਪਏ ਹਨ ਪਤਾ ਨਹੀਂ ਕਿੰਨੇ ਹੋਰ ਮਰਨੇ ਹਨ। ਝੋਟੇ ਨੂੰ ਮਾਰਨ ਲਈ ਟਰੈਪ ਲਗਾਇਆ ਗਿਆ ਹੈ। ਪਰਵਿੰਦਰ ਸਿੰਘ ਝੋਟਾ ਹੁਣ ਮੇਰਾ ਨਹੀਂ ਰਿਹਾ, ਉਹ ਪੰਜਾਬ ਦਾ ਹੈ। ਜਿਹੜੇ ਦੋ ਨੌਜਵਾਨ ਗਰੀਬ ਪਰਿਵਾਰ ਹਨ, ਜੋ ਜ਼ਖਮੀ ਹੋਏ ਹਨ। ਜੇਕਰ ਸਰਕਾਰ ਨਹੀਂ ਦੇਵੇਗੀ ਤਾਂ ਦੋ ਕਿੱਲ੍ਹੇ ਜ਼ਮੀਨ ਵੇਚ ਕੇ ਮੈਂ ਦੇਵਾਂਗਾ। ਇਹ ਪੰਜਾਬ ਦੀ ਲੜਾਈ ਹੈ। ਹਰਿਆਣਾ, ਰਾਜਸਥਾਨ ’ਚੋਂ ਫੜਨ ਦੇ ਪੁਲਿਸ ਡਰਾਮੇ ਕਰੇਗੀ। ਉਨ੍ਹਾਂ ਕਿਹਾ ਕਿ ਅਸ਼ਵਨੀ ਕਿੱਥੇ ਪੁਲਿਸ ਕੋਲ ਹੀ ਹੈ।