- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ

-ਪੁਲਿਸ ਤੇ ਲੋਕਾਂ ਵਿਚਾਲੇ ਹੁੰਦੀ ਰਹੀ ਤਕਰਾਰਬਾਜ਼ੀ, ਸ਼ਨਿੱਚਰਵਾਰ ਤੱਕ ਘਰ ਢਾਹੁਣ ਦਾ ਪ੍ਰਸ਼ਾਸਨ ਵੱਲੋਂ ਭਰੋਸਾ
7-8) ਨਸ਼ਾ ਤਸਕਰ ਦੇ ਘਰ ਨੂੰ ਢਾਹੁਣ ਲਈ ਅੱਗੇ ਵਧਦੇ ਹੋਏ ਪਿੰਡ ਵਾਸੀਆਂ ਨੂੰ ਰੋਕਦੀ ਪੁਲਿਸ।
16) ਪਿੰਡ ਵਾਸੀਆਂ ਨੂੰ ਨਸ਼ਾ ਤਸਕਰ ਦੇ ਘਰ ਵੱਲ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਪੁਲਿਸ ਮੁਲਾਜ਼ਮ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ‘ਚ ਉਸ ਸਮੇਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਦ ਪਿੰਡ ਦੇ ਇਕੱਠੇ ਹੋਏ ਲੋਕਾਂ ਨੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਢਾਹੁਣ ਦਾ ਐਲਾਨ ਘਰ ਕੇ ਉਕਤ ਘਰ ਵੱਲ ਚਾਲੇ ਪਾ ਦਿੱਤੇ। ਛਾਉਣੀ ’ਚ ਤਬਦੀਲ ਕੀਤੀ ਗਈ ਉਕਤ ਘਰ ਵਾਲੀ ਗਲੀ ’ਚ ਪੰਚਾਇਤ, ਪਿੰਡ ਵਾਸੀਆਂ ਤੇ ਪੁਲਿਸ ਦਰਮਿਆਨ ਤਣਾਅ ਭਰਿਆ ਮਾਹੌਲ ਬਣ ਗਿਆ। ਸਾਰਾ ਦਿਨ ਪੁਲਿਸ ਤੇ ਪਿੰਡ ਦੇ ਲੋਕਾਂ ਵਿੱਚ ਆਪਸੀ ਟਕਰਾਅ ਦੇ ਹਾਲਾਤ ਬਣੇ ਰਹੇ। ਤਣਾਅ ਪੂਰਨ ਮਾਹੌਲ ਦੌਰਾਨ ਪਿੰਡ ਦੇ ਲੋਕ ਨਸ਼ਾ ਤਸਕਰ ਦਾ ਘਰ ਢਾਹੁਣ ਲਈ ਅੜੇ ਰਹੇ, ਜਦੋਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ‘ਚ ਲੈਣ ਤੋਂ ਰੋਕਦਾ ਰਿਹਾ। ਨੰਗਲ ਕਲਾਂ ਦੇ ਇਸ ਨਸ਼ਾ ਤਸਕਰ ਦੇ ਘਰ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਸੀ। ਕਈ ਘੰਟੇ ਪੁਲਿਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕਰਦੀ ਰਹੀ, ਪਰ ਲੋਕ ਘਰ ਢਾਹੁਣ ਲਈ ਅੜੇ ਰਹੇ। ਅਖ਼ੀਰ ਦੁਪਹਿਰ ਬਾਅਦ ਪੁਲਿਸ ਨੇ ਪੰਚਾਇਤ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਨੀਵਾਰ ਨੂੰ ਨਸ਼ਾ ਤਸਕਰ ਦੇ ਘਰ ਤੇ ਕਾਰਵਾਈ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਬੀਤੇ ਦਿਨ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੇ ਗੁਆਂਢੀ ਵਿਅਕਤੀ ਦੁਆਰਾ ਹੀ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਦੁਆਰਾ ਨਸ਼ਾ ਤਸਕਰ ਨੂੰ ਪਿੰਡ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਦੁਆਰਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ, ਉਧਰ ਨਸ਼ਾ ਤਸਕਰ ਦੇ ਘਰ ਨੂੰ ਢਾਹੁਣ ਲਈ ਪੰਚਾਇਤ ਦੁਆਰਾ ਐਲਾਨ ਕਰ ਦਿੱਤਾ ਗਿਆ। ਅੱਜ ਪਿੰਡ ਦੇ ਲੋਕ ਨਸ਼ਾ ਤਸਕਰ ਦਾ ਘਰ ਖੁਦ ਹੀ ਢਾਹੁਣ ਲਈ ਪਹੁੰਚ ਗਏ, ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਸਮੇਂ ਸਥਿੱਤੀ ਨੂੰ ਸੰਭਾਲਿਆ ਜਦ ਕਿਸੇ ਵੀ ਵਿਅਕਤੀ ਨੂੰ ਨਸ਼ਾ ਤਸਕਰ ਦੇ ਘਰ ਵਿੱਚ ਦਾਖ਼ਲ ਨਹੀਂ ਣੋਣ ਦਿੱਤਾ, ਪਰ ਇਸ ਦੌਰਾਨ ਇੱਕ ਵਿਅਕਤੀ ਘਰ ਵਿੱਚ ਪਹੁੰਚ ਗਿਆ। ਉਸ ਨੇ ਕੰਧਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ, ਪਰ ਪੁਲਿਸ ਨੇ ਉਸ ਨੂੰ ਤੁਰੰਤ ਰੋਕ ਦਿੱਤਾ। ਸਾਰਾ ਦਿਨ ਪੁਲਿਸ ਅਤੇ ਪਿੰਡ ਦੇ ਲੋਕਾਂ ਦਰਮਿਆਨ ਮਾਹੌਲ ਤਣਾਅ ਪੂਰਨ ਬਣਿਆ ਰਿਹਾ। ਪਰ ਬਾਅਦ ਵਿੱਚ ਪੁਲਿਸ ਅਤੇ ਪੰਚਾਇਤ ਵਿਚ ਸਮਝੌਤਾ ਹੋਇਆ ਕਿ ਸ਼ਨਿੱਚਰਵਾਰ ਨੂੰ ਨਸ਼ਾ ਤਸਕਰ ਦੇ ਘਰ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇਗੀ। ਇਸ ਬਾਅਦ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪੁਲਿਸ ਦੇ ਵਿਸ਼ਵਾਸ ਤੇ ਧਰਨਾ ਅਤੇ ਆਪਣਾ ਵਿਰੋਧ ਖ਼ਤਮ ਕਰ ਦਿੱਤਾ।
ਸਰਪੰਚ ਰੇਸ਼ਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਭਰੋਸਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣਾ ਵਿਰੋਧ ਖ਼ਤਮ ਕੀਤਾ ਹੈ। ਜੇਕਰ ਸ਼ਨੀਵਾਰ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਉਹ ਖੁਦ ਇਸ ਘਰ ਨੂੰ ਢਾਹੁਣ ਲਈ ਲੋਕਾਂ ਦੇ ਨਾਲ ਕੰਮ ਕਰਨਗੇ। ਉਥੇ ਹੀ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਦਾਅਵੇ ਕਰ ਰਹੀ ਹੈ, ਜਦੋਂਕਿ ਦੂਸਰੇ ਪਾਸੇ ਅੱਜ ਲੋਕ ਖੁਦ ਹੀ ਨਸ਼ਾ ਤਸਕਰ ਦੇ ਘਰ ਨੂੰ ਢਾਹੁਣ ਲਈ ਪਹੁੰਚੇ ਸਨ ਪਰ ਪੁਲਿਸ ਨੇ ਨਸ਼ਾ ਤਸਕਰ ਦੇ ਘਰ ਨੂੰ ਢਾਹੁਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਘਰ ਨੂੰ ਨਾ ਢਾਹਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ‘ਤੇ ਲੋਕ ਹਥੌੜੈ ਚਲਾਉਣਗੇ। ਔਰਤਾਂ ਨੇ ਕਿਹਾ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਕਾਰਨ ਉਨ੍ਹਾਂ ਦੇ ਪਿੰਡ ’ਚ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ, ਪਰ ਪੁਲਿਸ ਉਨ੍ਹਾਂ ਖ਼ਿਲਾਫ਼ ਸਖ਼ਤੀ ਦੀ ਬਜਾਏ ਨਰਮੀ ਨਾਲ ਪੇਸ਼ ਆਉਂਦੀ ਹੈ। ਆਸ ਪਾਸ ਦੇ ਲੋਕ ਤੰਗ ਆ ਚੁੱਕੇ ਹਨ ਅਤੇ ਲੰਬੇ ਸਮੇਂ ਤੋਂ ਅਜਿਹਾ ਹੀ ਚੱਲ ਰਿਹਾ ਹੈ।
-ਬਾਕਸ-
ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਿਹਾ ਕਿ ਲੋਕ ਨਸ਼ਾ ਤਸਕਰ ਦੇ ਘਰ ਨੂੰ ਢਾਹੁਣਾ ਚਾਹੁੰਦੇ ਸਨ ਪਰ ਪੁਲਿਸ ਨੇ ਸਥਿਤੀ ਨੂੰ ਕੰਟਰੋਲ ‘ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਤੇ ਪ੍ਰਸ਼ਾਸਨ ਵਿੱਚ ਗੱਲਬਾਤ ਹੋਈ ਹੈ। ਸ਼ਨੀਵਾਰ ਨੂੰ ਨਸ਼ਾ ਤਸਕਰ ਦੇ ਘਰ ਕਾਰਵਾਈ ਕਰਨ ਦਾ ਉਨ੍ਹਾਂ ਵਿਸ਼ਵਾਸ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਨਸ਼ੇ ਖ਼ਿਲਾਫ਼ ਕੰਮ ਕਰ ਰਹੀ ਹੈ ਤੇ ਪ੍ਰਕਿਰਿਆ ਤਹਿਤ ਇਸ ਨਸ਼ਾ ਤਸਕਰ ਤੇ ਵੀ ਕਾਰਵਾਈ ਕੀਤੀ ਜਾਵੇਗੀ।