- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ਜ਼ਿਲ੍ਹੇ ਦੇ ਸਕੂਲ

7) ਮਾਨਸਾ ਜ਼ਿਲ੍ਹੇ ਦੇ ਸਕੂਲ ’ਚ ਤਿਆਰ ਕੀਤੀ ਕਿਚਨ ਗਾਰਡਨ ਨੂੰ ਦੇਖਦੇ ਹੋਏ ਆਯੂਸ਼ ਵਿਭਾਗ ਦੇ ਮੁਲਾਜ਼ਮ ਤੇ ਸਕੂਲ ਦਾ ਸਟਾਫ਼।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ ਦੀ ਯੋਗ ਅਗਵਾਈ ਹੇਠ ਆਯੁਸ਼ ਵਿਭਾਗ ਮਾਨਸਾ ਵੱਲੋਂ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਔਸ਼ਧੀ ਪੌਦਿਆਂ ਦੇ ਕਿਚਨ ਗਾਰਡਨ ਸਥਾਪਿਤ ਕੀਤੇ ਗਏ। ਬੀਤੇ ਦਿਨ੍ਹੀਂ ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਫੂਡ ਕਮਿਸ਼ਨ, ਪੰਜਾਬ ਵੱਲੋਂ ਸਕੂਲਾਂ ਅੰਦਰ ਵਧੀਆ ਕੁਆਲਿਟੀ ਦੇ ਰੋਜ਼ਾਨਾ ਵਰਤੋਂ ਵਾਲੇ ਪੌਦੇ ਲਗਾ ਕੇ ਵਧੀਆ ਕਿਚਨ ਗਾਰਡਨ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਸੀ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਂਦੇ ਔਸ਼ਧੀ ਦੇ ਬੂਟਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਵਾਤਾਵਰਨ ਸੰਭਾਲ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਹੈ।
ਇਸ ਮੌਕੇ ਆਯੁਰਵੈਦ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਤੁਲਸੀ, ਗਿਲੋਏ, ਐਲੋਵੇਰਾ, ਪੁਦੀਨਾ, ਲੈਮਨ ਗ੍ਰਾਸ, ਕਰੀ ਪੱਤਾ ਅਤੇ ਹੋਰ ਔਸ਼ਧੀ ਪੌਦਿਆਂ ਦੀ ਪਛਾਣ, ਸੰਭਾਲ, ਔਸ਼ਧੀ ਗੁਣਾਂ ਅਤੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦੀ ਉਪਯੋਗਤਾ ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਵੀ ਕਿਚਨ ਗਾਰਡਨ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਇਨ੍ਹਾਂ ਬੂਟਿਆਂ ਰਾਹੀਂ ਆਪਣੀ ਰਸੋਈ ਨਾਲ ਜੁੜ ਕੇ ਪੌਸ਼ਟਿਕ ਖੁਰਾਕ ਦੇ ਨਾਲ ਨਾਲ ਕੁਦਰਤੀ ਜੀਵਨ ਸ਼ੈਲੀ ਨਾਲ ਜੁੜ ਸਕਣ ਅਤੇ ਛੋਟੀਆਂ ਮੋਟੀਆਂ ਸਿਹਤ ਸਮੱਸਿਆਵਾਂ ਲਈ ਔਸ਼ਧੀ ਪੌਦਿਆਂ ਦੀ ਮਹੱਤਤਾ ਨੂੰ ਸਮਝ ਸਕਣ।
ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸਿੱਖਿਆ ਵਿਭਾਗ ਮਾਨਸਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਵੱਲੋਂ ਸ਼ਾਨਦਾਰ ਤਾਲਮੇਲ, ਸਰਗਰਮ ਭੂਮਿਕਾ ਅਤੇ ਭਰਪੂਰ ਸਹਿਯੋਗ ਸਦਕਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਿਚਨ ਗਾਰਡਨ ਸਥਾਪਿਤ ਕੀਤੇ ਗਏ। ਦੋਵੇਂ ਵਿਭਾਗਾਂ ਦੇ ਆਪਸੀ ਤਾਲਮੇਲ ਨੇ ਇਸ ਮੁਹਿੰਮ ਨੂੰ ਇੱਕ ਲੋਕ ਭਲਾਈ ਦੇ ਮਿਸਾਲੀ ਉਪਰਾਲੇ ਵੱਜੋਂ ਸਫ਼ਲ ਬਣਾਇਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਆਈਏਐਸ ਮਾਨਸਾ ਵੱਲੋਂ ਇਸ ਸਬੰਧੀ ਇੱਕ ਸਮੀਖਿਆ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਉਨ੍ਹਾਂ ਨੇ ਸਿੱਖਿਆ ਅਤੇ ਆਯੂਸ਼ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਸਕੂਲਾਂ ਵਿੱਚ ਕਿਚਨ ਗਾਰਡਨ ਸਥਾਪਿਤ ਕਰਨ, ਔਸ਼ਧੀ ਪੌਦਿਆਂ ਦੀ ਨਿਯਮਤ ਸੰਭਾਲ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਿਹਤ ਲਾਭਾਂ ਬਾਰੇ ਨਿਰੰਤਰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਹਰ ਵਿਦਿਅਕ ਸੰਸਥਾ ਵਿੱਚ ਕਿਚਨ ਗਾਰਡਨ ਨਾ ਸਿਰਫ਼ ਹਰਿਆਵਲ ਨੂੰ ਪ੍ਰਫੁੱਲਿਤ ਕਰਨਗੇ, ਸਗੋਂ ਵਿਦਿਆਰਥੀਆਂ ਨੂੰ ਕੁਦਰਤ ਅਤੇ ਆਯੁਰਵੈਦ ਨਾਲ ਜੋੜਨ ਦਾ ਵੀ ਸਸ਼ਕਤ ਮਾਧਿਅਮ ਬਣਨਗੇ। ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ ਨੇ ਕਿਹਾ ਕਿ ਆਯੁਰਵੈਦ ਸਾਡੀ ਪ੍ਰਾਚੀਨ ਅਤੇ ਵਿਗਿਆਨਕ ਸਿਹਤ ਪ੍ਰਣਾਲੀ ਹੈ, ਜਿਸ ਵਿੱਚ ਔਸ਼ਧੀ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਹਰ ਸਕੂਲ ਅਤੇ ਹਰ ਪਰਿਵਾਰ ਆਪਣੇ ਆਲੇ-ਦੁਆਲੇ ਔਸ਼ਧੀ ਬੂਟੇ ਲਾਉਣ ਦੀ ਪਹਿਲ ਕਰੇ ਤਾਂ ਸਮਾਜ ਨੂੰ ਸਿਹਤਮੰਦ, ਹਰਿਆ-ਭਰਿਆ ਅਤੇ ਵਾਤਾਵਰਨ ਪੱਖੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਯੁਸ਼ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਅਜਿਹੀਆਂ ਜਨ-ਜਾਗਰੂਕਤਾ ਗਤੀਵਿਧੀਆਂ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ, ਤਾਂ ਜੋ ਵਿਦਿਆਰਥੀਆਂ ਨੂੰ ਆਯੁਰਵੈਦ, ਕੁਦਰਤੀ ਇਲਾਜ ਅਤੇ ਵਾਤਾਵਰਨ ਸੰਭਾਲ ਪ੍ਰਤੀ ਹੋਰ ਵੱਧ ਪ੍ਰੇਰਿਤ ਕੀਤਾ ਜਾ ਸਕੇ। ਅੰਤ ਵਿੱਚ ਜ਼ਿਲ੍ਹੇ ਦੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੇ ਆਯੁਸ਼ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਚਨ ਗਾਰਡਨ ਦੀ ਸੰਭਾਲ ਅਤੇ ਔਸ਼ਧੀ ਪੌਦਿਆਂ ਦੇ ਪ੍ਰਚਾਰ - ਪ੍ਰਸਾਰ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।