ਕਾਂਗਰਸ ਰੈਲੀ ‘ਚ ਮਦਦ ਕਰਨ ਵਾਲਿਆਂ ਦਾ ਸਦਾ ਰਹਾਂਗਾ ਰਿਣੀ : ਕੁਲਵੰਤ ਸਿੰਗਲਾ
ਮਨਰੇਗਾ ਬਚਾਓ ਅਭਿਆਨ
Publish Date: Wed, 18 Feb 2026 07:33 PM (IST)
Updated Date: Thu, 19 Feb 2026 04:09 AM (IST)
-ਕਿਹਾ, ਪਾਰਟੀ ਤੋਂ ਦੂਰ ਗਏ ਹਰ ਆਗੂ ਤੇ ਵਰਕਰ ਨੂੰ ਲਿਆਵਾਂਗੇ ਵਾਪਸ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਨਰੇਗਾ ਬਚਾਓ ਅਭਿਆਨ ਤਹਿਤ ਮਾਨਸਾ ਵਿੱਚ ਕਰਵਾਈ ਗਈ ਵਿਸ਼ਾਲ ਰੈਲੀ ਨੇ ਜ਼ਿਲ੍ਹਾ ਪੱਧਰ ’ਤੇ ਕਾਂਗਰਸੀ ਵਰਕਰਾਂ ਦੀ ਏਕਤਾ ਅਤੇ ਸੰਘਰਸ਼ੀ ਮਨੋਭਾਵਨਾ ਨੂੰ ਉਜਾਗਰ ਕੀਤਾ। ਰੈਲੀ ਵਿੱਚ ਭਾਗ ਲੈਣ ਵਾਲੇ ਹਰ ਆਗੂ ਅਤੇ ਵਰਕਰ ਦਾ ਧੰਨਵਾਦ ਕਰਦਿਆਂ ਜ਼ਿਲਾ ਕਾਂਗਰਸ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਉਹ ਸਾਰੇ ਸਾਥੀਆਂ ਦੇ ਸਦਾ ਰਿਣੀ ਰਹਿਣਗੇ, ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਕੀਤੀ ਗਈ ਤਿਆਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚ ਕੇ ਸੰਘਰਸ਼ ਨੂੰ ਮਜ਼ਬੂਤੀ ਬਖ਼ਸ਼ੀ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਰੈਲੀ ਪੰਜਾਬ ਕਾਂਗਰਸ ਦੇ ਆਦੇਸ਼ਾਂ ਅਨੁਸਾਰ ਸੁਚੱਜੇ ਢੰਗ ਨਾਲ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਭਰ ਤੋਂ ਆਏ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਇਕ ਮੰਚ ’ਤੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਇੰਨ੍ਹੀ ਵੱਡੀ ਰੈਲੀ ਕਰਵਾਉਣਾ ਆਸਾਨ ਕੰਮ ਨਹੀਂ ਸੀ, ਪਰ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਦੀ ਨਿਸ਼ਠਾ ਅਤੇ ਸਮਰਪਣ ਨੇ ਇਸਨੂੰ ਸੰਭਵ ਬਣਾਇਆ। ਰੈਲੀ ਦੌਰਾਨ ਵਰਕਰਾਂ ਦੀ ਉਤਸ਼ਾਹਪੂਰਨ ਹਾਜ਼ਰੀ ਅਤੇ ਨਾਅਰੇਬਾਜ਼ੀ ਨੇ ਦਰਸਾਇਆ ਕਿ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਪਕੜ ਮਜ਼ਬੂਤ ਹੈ ਤੇ ਆਮ ਲੋਕਾਂ ਦੇ ਮੁੱਦਿਆਂ ਲਈ ਲੜਨ ਦੀ ਲਗਨ ਅਜੇ ਵੀ ਉਤਨੀ ਹੀ ਮਜ਼ਬੂਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲਾ ਕਾਂਗਰਸ ਦੀ ਪੂਰੀ ਲੀਡਰਸ਼ਿਪ ਨੇ ਇਸ ਰੈਲੀ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਨੇ ਹਰ ਪੱਧਰ ਦੇ ਆਗੂਆਂ ਅਤੇ ਵਰਕਰਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਾਰਟੀ ਦੀ ਅਸਲੀ ਤਾਕਤ ਉਸਦੇ ਸਮਰਪਿਤ ਕਾਰਕੁੰਨ ਹਨ, ਜੋ ਮੁਸ਼ਕਲ ਸਮਿਆਂ ਵਿੱਚ ਵੀ ਡਟ ਕੇ ਖੜ੍ਹੇ ਰਹਿੰਦੇ ਹਨ। ਭਵਿੱਖ ਦੀ ਯੋਜਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਰ ਵਰਕਰ ਨੂੰ ਨਾਲ ਲੈ ਕੇ ਚਲਣ ਦੀ ਨੀਤੀ ’ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਅੰਦਰੂਨੀ ਇਕਤਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਜਿਹੜੇ ਆਗੂ ਜਾਂ ਵਰਕਰ ਕਿਸੇ ਕਾਰਨ ਕਰਕੇ ਪਾਰਟੀ ਤੋਂ ਦੂਰ ਹੋ ਗਏ ਹਨ, ਉਨ੍ਹਾਂ ਨੂੰ ਵਾਪਸ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਦਰਵਾਜ਼ੇ ਹਰ ਉਸ ਵਿਅਕਤੀ ਲਈ ਖੁੱਲ੍ਹੇ ਹਨ ਜੋ ਲੋਕ ਹਿੱਤ ਦੀ ਲੜਾਈ ਵਿੱਚ ਸਾਥ ਦੇਣਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਸੰਗਠਨ ਵਿੱਚ ਹਰ ਵਰਕਰ ਦੀ ਇੱਜ਼ਤ ਅਤੇ ਭੂਮਿਕਾ ਨੂੰ ਮਹੱਤਵ ਦਿੱਤਾ ਜਾਵੇਗਾ, ਤਾਂ ਜੋ ਸਾਰੇ ਮਿਲ ਕੇ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਟੀਮ ਤਿਆਰ ਕਰ ਸਕਣ। ਰੈਲੀ ਨੂੰ ਸਫਲ ਕਰਵਾਉਣ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਯੂਥ ਵਰਕਰਾਂ ਤੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਦੀ ਭੂਮਿਕਾ ਨੂੰ ਸਲਾਮ ਕੀਤਾ।