ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਸ਼ਹਿਰ ਪੂਰਨ ਤੌਰ ’ਤੇ ਰਿਹਾ ਬੰਦ ਪੰਜਾਬ ਬੰਦ ਦੌਰਾਨ ਪੰਜਾਬ ਬੰਦ ਦੌਰਾਨ
Publish Date: Fri, 21 Aug 2026 04:19 PM (IST)
Updated Date: Fri, 21 Aug 2026 04:21 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਸੰਘਰਸ਼ ਦੌਰਾਨ ਨੌਜਵਾਨਾਂ ’ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਾਨਸਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਮਰਥਨ ਦਿੱਤਾ ਗਿਆ। ਉਧਰ ਇਸ ਹੜਤਾਲ ਦੌਰਾਨ ਬੱਸਾਂ ਵੀ ਸੜਕਾਂ ’ਤੇ ਘੱਟ ਹੀ ਦਿਖੀਆਂ, ਜਦੋਂਕਿ ਜ਼ਿਆਦਾਤਰ ਬੱਸਾਂ ਅੱਡਿਆਂ’ਚ ਹੀ ਖੜ੍ਹੀਆਂ ਦਿਖਾਈ ਦਿੱਤੀਆਂ । ਪਰਵਿੰਦਰ ਸਿੰਘ ਝੋਟਾ, ਸਹਿਜਪ੍ਰੀਤ ਸਿੰਘ, ਇੰਦਰਜੀਤ ਸਿੰਘ ਮੁਨਸ਼ੀ, ਭਗਵਾਨ ਸਿੰਘ ਕਸਤੂਰੀ, ਅਭੀ ਮੌੜ, ਵਿਸ਼ਵਜੀਤ ਮਾਨ ਅਤੇ ਪਰਗਟ ਸਿੰਘ ਦੀ ਅਗਵਾਈ ਵਿਚ ਨੌਜਵਾਨਾਂ ਨੇ ਸਵੇਰੇ 7:30 ਵਜੇ ਮਾਨਸਾ ਦੇ ਮੇਨ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋ ਕੇ ਭਾਰੀ ਮੀਂਹ ਦੇ ਬਾਵਜੂਦ ਮਾਨਸਾ ਦੇ ਸਾਰੇ ਬਾਜ਼ਾਰਾਂ ਵਿਚ ਦੁਕਾਨਦਾਰ ਵੀਰਾਂ ਤੇ ਹੋਰ ਕਾਰੋਬਾਰੀ ਸੰਸਥਾਵਾਂ ਨੂੰ ਬੇਨਤੀ ਕਰਕੇ ਦੇਸ਼ ਭਰ ਦੀਆਂ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰਾ ਸ਼ਹਿਰ ਬੰਦ ਕਰਵਾਇਆ। ਉਨ੍ਹਾਂ ਵੱਲੋਂ ਹਰ ਦੁਕਾਨ ’ਤੇ ਜਾ ਕੇ ਦੁਕਾਨਦਾਰ ਵੀਰਾਂ ਨੂੰ ਸਾਥ ਦੇਣ ਦੀ ਬੇਨਤੀ ਕੀਤੀ ਗਈ ਤੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਸ਼ਹਿਰ ਬੰਦ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਦੀ ਮਿਆਦ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਕੱਟ ਚੁੱਕੇ ਹਨ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਮਸਲੇ ’ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਪੰਜਾਬੀਆਂ, ਖਾਸ ਕਰਕੇ ਸਿੱਖ ਧਰਮ ਨਾਲ ਸਬੰਧਤ ਲੋਕਾਂ ਨੇ ਹਮੇਸ਼ਾ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿਚ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਵੀ ਦੁਸ਼ਮਣਾਂ ਵੱਲੋਂ ਹਮਲਾ ਕੀਤਾ ਗਿਆ, ਸਭ ਤੋਂ ਅੱਗੇ ਹੋ ਕੇ ਆਪਣੀ ਭੂਮਿਕਾ ਨਿਭਾਈ ਹੈ ਅਤੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਪਰ ਇਸ ਦੇ ਬਾਵਜੂਦ ਸਿੱਖ ਕੌਮ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਤੇ ਸਿੱਖ ਕੌਮ ਦੀ ਮੰਗ ਹੈ ਕਿ ਉਨ੍ਹਾਂ ਨਾਲ ਹੋ ਰਹੇ ਵਿਤਕਰੇ ਨੂੰ ਦੂਰ ਕੀਤਾ ਜਾਵੇ ਅਤੇ ਸਰਕਾਰਾਂ ਵੱਲੋਂ ਸਾਰੇ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਬੰਦ ਦਾ ਪੂਰਨ ਸਮੱਰਥਨ ਦਾ ਐਲਾਨ ਕੀਤਾ ਸੀ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਨੇ ਕਿਹਾ ਕਿ ਮੋਰਚੇ ਵੱਲੋਂ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅਸੀਂ ਮਾਨਸਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿੰਨ੍ਹਾਂ ਨੇ ਆਪਣੇ ਤੌਰ ’ਤੇ ਹੀ ਕਾਰੋਬਾਰ ਬੰਦ ਰੱਖੇ। ਸਮੁੱਚਾ ਸ਼ਹਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ’ਚ ਰੱਖੇ ਗਏ ਪੰਜਾਬ ਬੰਦ ‘ਚ ਸਹਿਯੋਗ ਦੇ ਰਿਹਾ ਹੈ। ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ‘ਤੇ ਧੰਨਵਾਦੀ ਹਾਂ। ਇੱਕ, ਦੁੱਕਾ ਦੁਕਾਨਾਂ ਨੂੰ ਹੀ ਬੰਦ ਕਰਨ ਦੀ ਬੇਨਤੀ ਕਰਨੀ ਪਈ ਹੈ। ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਲੋਕਾਂ ਦੇ ਮਿਲੇ ਇਸ ਹੁੰਗਾਰੇ ਨੂੰ ਦੇਖਦਿਆਂ ਹੋਇਆ ਉਨ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਜੇਕਰ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ, ਜੇਕਰ ਦਿੱਲੀ ‘ਚ ਕਤਲੇਆਮ ਕਰਨ ਵਾਲੇ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਇਹ ਨੌਜਵਾਨ ਜਿੰਨ੍ਹਾਂ ਦਾ ਭਾਵੇਂ ਕੋਈ ਕਸੂਰ ਬਣਦਾ ਵੀ ਹੈ, ਪਰ ਉਸ ਤੋਂ ਵੱਧ ਸਜ਼ਾ ਭੁਗਤ ਰਹੇ ਹਨ। ਇੰਝ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਕੇਂਦਰ ਪੰਜਾਬ ਨਾਲ ਧੱਕਾ ਕਰ ਰਹੀ ਹੋਵੇ ਅਤੇ ਸਿੱਖਾਂ ਨੂੰ ਵੱਖਰੇ ਤੌਰ ’ਤੇ ਦੇਖਿਆ ਜਾ ਰਿਹਾ ਹੋਵੇ। ਇਸ ਦੇ ਨਾਲ ਹੀ ਮੰਗ ਕਰਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ, ਮਾਨਸਾ ਵੱਲੋਂ ਬੰਦ ਨੂੰ ਪੂਰਨ ਸਮਰਥਨ ਦਿੱਤਾ ਗਿਆ। ਇਸ ਸੱਦੇ ਤਹਿਤ ਅੱਜ ਵਕੀਲ ਭਾਈਚਾਰੇ ਵੱਲੋਂ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਤੇ ਜ਼ਿਲ੍ਹਾ ਕਚਹਿਰੀਆਂ, ਮਾਨਸਾ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਬੱਸਾਂ ‘ਤੇ ਜਾਣ ਲਈ ਨਾ ਪਹੁੰਚੀਆਂ ਸਵਾਰੀਆਂ, ਅੱਡਿਆਂ ’ਚ ਖੜ੍ਹੀਆਂ ਰਹੀਆਂ ਬੱਸਾਂ ਉਧਰ ਸੜਕਾਂ ’ਤੇ ਬੱਸਾਂ ਘੱਟ ਹੀ ਦਿਖਾਈ ਦਿੱਤੀਆਂ ਅਤੇ ਜ਼ਿਆਦਾਤਰ ਬੱਸਾਂ ਬੱਸ ਅੱਡਿਆਂ ’ਚ ਖੜ੍ਹੀਆਂ ਦਿਖਾਈ ਦਿੱਤੀਆਂ। ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਦੇ ਸੂਬਾ ਕੈਸ਼ੀਅਰ ਦਾ ਆਖਣਾ ਸੀ ਕਿ ਉਨ੍ਹਾਂ ਦੀ ਹੜਤਾਲ ਨਹੀਂ ਸੀ, ਪਰ ਬੰਦ ਦਾ ਅਸਰ ਹੋਣ ਕਰਕੇ ਬੱਸਾਂ ’ਚ ਜਾਣ ਲਈ ਸਵਾਰੀਆਂ ਨਹੀਂ ਪਹੁੰਚੀਆਂ। ਇਸ ਕਾਰਨ ਬੱਸਾਂ ਜ਼ਿਆਦਾਤਰ ਅੱਡਿਆਂ ’ਚ ਹੀ ਖੜ੍ਹੀਆਂ ਰਹੀਆਂ। ਇੱਕ, ਦੁਕਾ ਸਵਾਰੀਆਂ ਲਈ ਬੱਸਾਂ ਨਹੀਂ ਜਾ ਸਕਦੀਆ ਸਨ।