ਗੜੇਮਾਰੀ, ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
ਪੰਜਾਬ ਵਿੱਚ ਪਿਛਲੇ ਕੁੱਝ ਦਿਨਾਂ
Publish Date: Mon, 30 Mar 2026 08:09 PM (IST)
Updated Date: Tue, 31 Mar 2026 04:11 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਪੰਜਾਬ ’ਚ ਪਿਛਲੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਬੇਮੌਸਮੀ ਬਾਰਿਸ਼, ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਖ਼ਾਸ ਕਰਕੇ ਹਾੜੀ ਦੀ ਮੁੱਖ ਫ਼ਸਲ ਕਣਕ, ਜੋ ਇਸ ਸਮੇਂ ਪੱਕਣ ਦੇ ਅਖ਼ੀਰਲੇ ਪੜਾਅ ’ਚ ਹੈ, ਕੁਦਰਤੀ ਆਫਤਾਂ ਦੀ ਚਪੇਟ ਵਿੱਚ ਆ ਗਈ ਹੈ। ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਤੇ ਨੇੜਲੇ ਪਿੰਡਾਂ ਵਿਚ ਬੀਤੀ ਸ਼ਾਮ ਆਈ ਗੜੇਮਾਰੀ ਤੇ ਤੇਜ਼ ਹਵਾਵਾਂ ਕਾਰਨ ਕਣਕ ਦੀਆਂ ਫਸਲਾਂ ਵੱਡੇ ਪੱਧਰ ’ਤੇ ਧਰਤੀ ’ਤੇ ਵਿਛ ਗਈ। ਖੇਤਾਂ ’ਚ ਵਿਛੀ ਫ਼ਸਲਾਂ ਦੇ ਦ੍ਰਿਸ਼ ਕਿਸਾਨਾਂ ਲਈ ਗੰਭੀਰ ਚਿੰਤਾ ਦਾ ਕਾਰਨ ਬਣੇ ਹੋਏ ਹਨ, ਜਿਸ ਨਾਲ ਉਹਨਾਂ ਦੀਆਂ ਰਾਤਾਂ ਦੀ ਨੀਂਦ ਵੀ ਉੱਡ ਗਈ ਹੈ। ਕਿਸਾਨਾਂ ਅਨੁਸਾਰ ਜੇ ਮੌਸਮ ਇਸੇ ਤਰ੍ਹਾਂ ਦਾ ਰਿਹਾ ਤਾਂ ਕਣਕ ਦੇ ਝਾੜ ’ਤੇ ਭਾਰੀ ਅਸਰ ਪੈ ਸਕਦਾ ਹੈ। ਇਸ ਦੇ ਨਾਲ-ਨਾਲ ਅਗੇਤੀ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀ ਇਸ ਮੌਸਮੀ ਤਬਦੀਲੀ ਕਾਰਨ ਕਾਫੀ ਨੁਕਸਾਨ ਝੱਲ ਰਹੇ ਹਨ। ਡਾ. ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਕਿਸਾਨੀ ਪਹਿਲਾਂ ਹੀ ਘਾਟੇ ’ਚ ਹੈ ਅਤੇ ਕੁਦਰਤੀ ਮਾਰ ਨਾਲ ਹੋਰ ਵੀ ਕਿਸਾਨ ਦੀ ਆਰਥਿਕ ਸਥਿੱਤੀ ਖ਼ਰਾਬ ਹੋ ਜਾਂਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਜਲਦ ਸਰਵੇ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹਨਾਂ ਨੂੰ ਆਰਥਿਕ ਸੰਕਟ ਤੋਂ ਬਚਾਇਆ ਜਾ ਸਕੇ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਵੀ ਮੌਸਮ ਅਸਥਿਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ।