ਸਰਕਾਰ ਦਿਵਿਆਂਗਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਅਸੀਮ ਗੋਇਲ
ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਬੁਢਲਾਡਾ
Publish Date: Mon, 16 Feb 2026 06:08 PM (IST)
Updated Date: Tue, 17 Feb 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਬੁਢਲਾਡਾ ਇਕਾਈ ਦੀ ਸਾਬਕਾ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਅਧੀਨ ਗੋਪੀਰਾਮ ਧਰਮਸ਼ਾਲਾ ਵਿਖੇ ਹੋਈ। ਇਸ ਵਿਚ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਤੇ ਬਲਾਕ ਪ੍ਰਧਾਨ ਅਸੀਮ ਗੋਇਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਦਿਵਿਆਂਗਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਪ੍ਰਤੀ ਅਪਣਾਏ ਜਾ ਰਹੇ ਨਾਕਾਰਾਤਮਕ ਰਵੱਈਏ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਮੀਟਿੰਗ ਦੌਰਾਨ ਬੁਢਲਾਡਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਗਮਦੂਰ ਸਿੰਘ ਪ੍ਰਧਾਨ, ਸਿਮਰਜੀਤ ਸਿੰਘ ਸਕੱਤਰ ਅਤੇ ਵੀਰ ਸਿੰਘ ਨੂੰ ਸਰਬ-ਸੰਮਤੀ ਨਾਲ ਵਿੱਤ ਸਕੱਤਰ ਚੁਣੇ ਗਏ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਅਤੇ ਬਲਾਕ ਪ੍ਰਧਾਨ ਅਸੀਮ ਗੋਇਲ ਨੇ ਦਿਵਿਆਗਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਅਤੇ ਅਧਿਕਾਰਾਂ ਬਾਰੇ ਦੱਸਦਿਆ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਦਿਵਿਆਗਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਦਿਵਿਆਗਾਂ ਦੇ ਧਰਨਿਆਂ ਵਿੱਚ ਸ਼ਮੂਲੀਅਤ ਕਰਕੇ ਆਪਣੀ ਸਰਕਾਰ ਬਨਣ 'ਤੇ ਮੰਗਾਂ ਪੂਰ੍ਹੀਆਂ ਕਰਨ ਦਾ ਭਰੋਸਾ ਦੇਣ ਵਾਲੀ ‘ਆਪ’ ਦੀ ਸਰਕਾਰ ਹੁਣ ਚੋਣ ਵਾਅਦਿਆ ਤੋਂ ਮੁੱਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦਿਵਿਆਗਾਂ ਪ੍ਰਤੀ ਪੰਜਾਬ ਸਰਕਾਰ ਦੇ ਨਾਕਾਰਾਤਮਕ ਰਵੱਈਏ ਕਾਰਨ ਹੀ ਉਨ੍ਹਾਂ ਦੀਆਂ ਹਜ਼ਾਰਾਂ ਰਾਖਵੀਆਂ ਅਸਾਮੀਆਂ ਖਾਲੀ ਪਈਆਂ ਹੋਣ ਦੇ ਬਾਵਜੂਦ ਅਸਾਮੀਆਂ ਨੂੰ ਭਰਿਆ ਨਹੀਂ ਜਾ ਰਿਹਾ। ਨੌਕਰੀਆਂ ਲੈਣ ਲਈ ਉਨ੍ਹਾਂ ਦੀਆਂ ਉਮਰਾਂ ਲੰਘ ਰਹੀਆਂ ਹਨ। ਇਸ ਕਰਕੇ ਉਹ ਸੜਕਾਂ 'ਤੇ ਰੁਲਣ ਲਈ ਮਜ਼ਬੂਰ ਹਨ। ਸਾਬਕਾ ਪ੍ਰਧਾਨ ਜਗਤਾਰ ਸਿੰਘ ਤੇ ਸੁਨੀਲ ਮਸੀਹ ਨੇ ਮੰਗਾਂ ਬਾਰੇ ਕਿਹਾ ਕਿ ਅੰਗਹੀਣ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਸਰਕਾਰੀ ਨੌਕਰੀਆਂ ਲਈ ਖਾਲੀ ਪਈਆਂ ਬੈਕਲਾਗ ਦੀਆਂ ਅਸਾਮੀਆਂ ਭਰਨ, ਆਪਣਾ ਰੋਜ਼ਗਾਰ ਚਲਾਉਣ ਲਈ ਵਿਆਜ ਰਹਿਤ ਕਰਜ਼ੇ ਦਾ ਪ੍ਰਬੰਧ ਕਰਨ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਲਈ ਲੋੜੀਦੀਆਂ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ। ਇਸ ਲਈ ਸਮੁੱਚੇ ਦਿਵਿਆਗਾਂ ਨੂੰ ਇਕ ਪਲੇਟਫ਼ਾਰਮ ਤੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ। ਨਵਨਿਯੁਕਤ ਪ੍ਰਧਾਨ ਗਮਦੂਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਸ ਨੂੰ ਦਿੱਤੀ ਜ਼ਿੰਮੇਵਾਰੀ ਨੂੰ ਬਿਨਾਂ ਕਿਸੇ ਮਤਭੇਦ ਦੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਸਵਿਤਰੀ ਦੇਵੀ, ਕਵਿਤਾ ਦੇਵੀ, ਊਲਾਮ ਰਾਣੀ, ਹਜਾਰੀ ਲਾਲ, ਗਮਦੁਰ ਸਿੰਘ ਗੁਰਨੇ, ਰਮੇਸ਼ ਸਿੰਘ, ਸ਼ਿਵਮ ਕੁਮਾਰ, ਗੁਰਜੰਟ ਦੋਦੜਾ, ਸੁਰਜਨ ਸਿੰਘ, ਵੀਰ ਸਿੰਘ ਆਦਿ ਮੌਜੂਦ ਸਨ।