ਜਨਤਕ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਵੱਖ ਵੱਖ
Publish Date: Wed, 29 Jul 2026 06:13 PM (IST)
Updated Date: Thu, 30 Jul 2026 04:01 AM (IST)
ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਮੀਟਿੰਗ ਕਰਨ ਮੌਕੇ ਜੱਥੇਬੰਦੀਆਂ ਦੇ ਆਗੂ। ਹਰਕ੍ਰ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਵੱਖ ਵੱਖ ਜਨਤਕ ਜੱਥੇਬੰਦੀਆਂ ਦੀ ਮੀਟਿੰਗ ਹੋਈ। ਇਸ ਵਿਚ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ ਦੇ ਪ੍ਰਧਾਨ ਕਾਮਰੇਡ ਰਾਜਵਿੰਦਰ ਰਾਣਾ, ਸਫ਼ਾਈ ਸੇਵਕ ਯੂਨੀਅਨ ਦੇ ਸੁਖਦੇਵ, ਪ੍ਰਵੀਨ ਰੱਤੀ, ਮੁਕੇਸ਼ ਕੁਮਾਰ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਘਰਾਂਗਣਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਲਜੀਤ ਸਿੰਘ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਸੇਵਕ ਮਾਨ, ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਡੀਟੀਐਫ਼ ਦੇ ਆਗੂ ਕਰਮਜੀਤ ਸਿੰਘ ਤਾਮਕੋਟ, ਬਿਜਲੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਜਗਰਾਜ ਰੱਲਾ, ਲਿਬਰੇਸ਼ਨ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਰਿੰਦਰ ਸ਼ਰਮਾ, ਇੰਨਕਲਾਬੀ ਨੌਜਵਾਨ ਸਭਾ ਦੇ ਪ੍ਰਧਾਨ ਬਲਜਿੰਦਰ ਬੱਬੀ ਸ਼ਾਮਿਲ ਹੋਏ। ਮੀਟਿੰਗ ਵਿੱਚ ਸਫ਼ਾਈ ਕਾਮਿਆਂ ਦੇ 30 ਜੁਲਾਈ ਨੂੰ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਫ਼ਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਲਈ 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਮੂਹ ਜਥੇਬੰਦੀਆਂ ਵੱਲੋਂ ਇਸ ਸੱਦੇ ਦੀ ਹਮਾਇਤ ਕਰਦੇ ਹਾਂ ਅਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਸਫ਼ਾਈ ਕਾਮਿਆਂ ਦੇ ਹੱਕ ਵਿੱਚ ਇਸ ਸੱਦੇ ਨੂੰ ਕਾਮਯਾਬ ਬਣਾਉਣ ਦੀ ਅਪੀਲ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਸਫਾਈ ਕਾਮੇ ਹੱਦੋਂ ਵੱਧ ਭੈੜੀਆਂ ਜੀਵਨ ਹਾਲਤਾਂ ਦਾ ਸ਼ਿਕਾਰ ਹਨ। ਗੰਦਗੀ ਸਾਫ਼ ਕਰਨ ਦਾ ਕੰਮ ਉਨ੍ਹਾਂ ਨੂੰ ਬੇਹੱਦ ਘੱਟ ਤਨਖ਼ਾਹਾਂ ਤੇ ਬਿਨਾ ਕਿਸੇ ਸੁਰੱਖਿਆ ਪ੍ਰਬੰਧਾਂ ਤੇ ਮਸ਼ੀਨਾਂ ਤੋਂ ਕਰਨਾ ਪੈਂਦਾ ਹੈ, ਜਿਸ ਕਾਰਨ ਕੱਲ੍ਹ ਵੀ ਪਟਿਆਲਾ ਦੇ ਵਿਕਾਸ ਨਗਰ ਵਿਚ ਦੋ ਸਫ਼ਾਈ ਕਾਮਿਆਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਚੁੱਕੀ ਹੈ ਅਤੇ ਪਿਛਲੇ ਦਹਾਕੇ ਦੌਰਾਨ 27 ਦੇ ਕਰੀਬ ਸੀਵਰ ਮੈਨ ਸਫ਼ਾਈ ਕਾਮੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਸਾਲਾਂ ਬੱਧੀ ਕੰਮ ਕਰਨ ਦੇ ਬਾਵਜੂਦ ਅਤੇ ਸਫ਼ਾਈ ਕਾਮਿਆਂ ਵੱਲੋਂ ਵਾਰ - ਵਾਰ ਮੰਗ ਕਰਨ ਦੇ ਬਾਵਜੂਦ ਪੱਕਾ ਨਹੀਂ ਕੀਤਾ ਜਾਂਦਾ ਅਤੇ ਮੁਆਵਜ਼ਾ, ਇਲਾਜ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਉਨ੍ਹਾਂ ਨੂੰ ਸਫ਼ਾਈ ਲਈ ਗਟਰਾਂ ਤੱਕ ਵਿੱਚ ਉੱਤਰਨਾ ਪੈਂਦਾ ਹੈ। ਅਜਿਹੀ ਹਾਲਤ ਵਿੱਚ ਸੜਕਾਂ ‘ਤੇ ਆ ਕੇ ਆਵਾਜ਼ ਉਠਾਉਣ ਲਈ ਸਫ਼ਾਈ ਕਾਮਿਆਂ ਨੇ ਹੜਤਾਲ ਕਰਕੇ ਸਾ਼ਾਂਤਮਈ ਸੰਘਰਸ ਦਾ ਰਾਹ ਅਪਣਾਇਆ। ਪਰ ਹੱਕੀ ਮੰਗਾਂ ਦੀ ਸੁਣਵਾਈ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਭਗਵੰਤ ਮਾਨ ਦੀ ਸਰਕਾਰ ਨੇ 22 ਜੁਲਾਈ ਨੂੰ ਬਰਨਾਲਾ ਵਿਖੇ ਸ਼ਾਂਤੀਪੂਰਨ ਸੰਘਰਸ਼ ਕਰ ਰਹੇ ਸਫ਼ਾਈ ਕਾਮਿਆਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਡੀਐਸਪੀ ਨੂੰ ਬਰਖਾਸਤ ਕਰਕੇ ਪਰਚਾ ਦਰਜ ਕੀਤਾ ਜਾਵੇ। ਸਫ਼ਾਈ ਕਾਮੇ ਪੱਕੇ ਕੀਤੇ ਜਾਣ। ਉਨ੍ਹਾਂ ਨੂੰ ਗੁਜ਼ਾਰੇ ਯੋਗ ਤਨਖ਼ਾਹਾਂ, ਸੁਰੱਖਿਆ ਤੇ ਇਲਾਜ ਦੇ ਢੁੱਕਵੇਂ ਪ੍ਰਬੰਧ, ਢੁੱਕਵਾਂ ਮੁਆਵਜ਼ਾ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ।