ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਸਹਿਕਾਰੀ ਸੁਸਾਇਟੀਆਂ ਦੇ ਕਰਜ਼ਿਆਂ
Publish Date: Sat, 31 Oct 2026 05:07 PM (IST)
Updated Date: Sat, 31 Oct 2026 05:08 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਹਿਕਾਰੀ ਸੁਸਾਇਟੀਆਂ ਦੇ ਕਰਜ਼ਿਆਂ ‘ਤੇ ਵਿਆਜ਼ ਦਰਾਂ ਵਧਾਉਂਣ ਤੇ ਹਿੱਸੇਦਾਰੀ ਵਿਚ ਤਿੰਨ ਗੁਣਾ ਵਾਧਾ ਕਰਨ ਖ਼ਿਲਾਫ਼ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਹਿਲਾਂ ਕਿਸਾਨ ਮੈਂਬਰ ਆਪਣੀ ਹਿੱਸੇਦਾਰੀ 5 ਕਿੱਲੇ ਤੱਕ 1 ਲੱਖ ਕਰਜ਼ੇ ਦੇ ਲਈ 3300 ਰੁਪਏ ਜਮ੍ਹਾਂ ਕਰਵਾਉਂਦਾ ਸੀ। ਹੁਣ 6000 ਰੁਪਏ ਕਰ ਦਿੱਤੀ ਹੈ, 5 ਕਿੱਲੇ ਤੋਂ ਉਪਰ ਵਾਲੇ ਲਈ 5000 ਤੋ ਵਧਾ ਕੇ 9000 ਰੁਪਏ ਹੋ ਗਈ ਹੈ। ਪਹਿਲਾਂ ਹਿੱਸੇਦਾਰੀ ਦੀ ਅੱਧੀ ਰਕਮ ਸੁਸਾਇਟੀ ਵਿਚ ਤੇ ਬਾਕੀ ਅੱਧੀ ਬੈਂਕ ਵਿੱਚ ਜਮ੍ਹਾਂ ਹੁੰਦੀ ਸੀ। ਹੁਣ ਸਾਰੀ ਰਕਮ ਬੈਂਕ ਵਿਚ ਜਮ੍ਹਾਂ ਹੋਵੇਗੀ, ਜਿਸ ਨਾਲ ਮੈਂਬਰ ਨੂੰ ਹਿੱਸੇਦਾਰੀ ਵਾਪਸ ਲੈਣ ਵਿਚ ਬਹੁਤ ਮੁਸ਼ਕਿਲ ਆਵੇਗੀ, ਅਤੇ ਮੈਂਬਰ ਨੂੰ ਵੱਧ ਰਕਮ ਦੇਣੀ ਪਵੇਗੀ। ਪਹਿਲਾਂ ਕਿਸਾਨ ਮੈਂਬਰ ਨੂੰ ਕੋਈ ਜ਼ਮੀਨ ਸੁਸਾਇਟੀ ਦੇ ਕਰਜ਼ੇ ਲਈ ਗਰਿਵੀ ਨਹੀਂ ਕਰਨੀ ਪੈਂਦੀ ਸੀ ਹੁਣ ਨਵੀਂ ਪਾਲਸੀ ਅਨੁਸਾਰ ਜਿਸ ਕਿਸਾਨ ਦਾ ਹੱਦ ਕਰਜ਼ਾ 2 ਲੱਖ ਤੋਂ 1 ਰੁਪਏ ਵੀ ਵੱਧ ਹੈ ਤਾਂ ਉਸ ਨੂੰ ਪੂਰ੍ਹੀ ਰਕਮ ਦੇ ਬਰਾਬਰ ਆਪਣੀ ਜ਼ਮੀਨ ਰੇਟ ਅਨੁਸਾਰ ਸੁਸਾਇਟੀ ਦੇ ਹੱਕ ਵਿਚ ਪਹਿਲਾਂ ਗਿਰਵੀ ਕਰਨੀ ਪਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਲਏ ਫ਼ੈਸਲੇ ਤੁਰੰਤ ਵਾਪਸ ਲਵੇ। ਸੁਸਾਇਟੀਆਂ ਤੋਂ ਕਰਜ਼ੇ ਲੈਣ ਵਾਲੇ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਪਾਲਿਸੀ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਰਜ਼ੇ ਦੀ ਪੰਡ ਹੇਠਾਂ ਦੱਬ ਚੁੱਕਿਆ ਹੈ। ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਪੰਜਾਬ ਸਰਕਾਰ ਨੇ ਕਰਜੇ ਦੀ ਪੰਡ ਵਿੱਚ ਹੋਰ ਵਜ਼ਨ ਪਾ ਦਿੱਤਾ ਹੈ। ਚਲਦੇ ਧਰਨੇ ਦੌਰਾਨ ਐਸਡੀਐਮ ਮਾਨਸਾ ਨੇ ਕਿਸਾਨਾਂ ਕੋਲੋਂ ਮੰਗ ਪੱਤਰ ਲਿਆ। ਇਸ ਮੌਕੇ ਮਹਿੰਦਰ ਸਿੰਘ ਰੁਮਾਣਾ, ਭੋਲਾ ਸਿੰਘ ਮਾਖਾ, ਜੋਗਿੰਦਰ ਸਿੰਘ ਦਿਆਲਪੁਰਾ, ਕੁਲਦੀਪ ਸਿੰਘ ਚਚੋਹਰ, ਮੇਜਰ ਸਿੰਘ ਗੋਬਿੰਦਪੁਰਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਮਨਦੀਪ ਅਲੀਸ਼ੇਰ, ਦਰਸ਼ਨ ਸ਼ਰਮਾ, ਅਵਤਾਰ ਸਿੰਘ ਬਲਾਕ ਪ੍ਰਧਾਨ ਨੇ ਵੀ ਸੰਬੋਧਨ ਕੀਤਾ।