253 ਅਧਿਆਪਕਾਂ ਦੀਆਂ ਸੇਵਾਵਾਂ ਡਿਸਮਿਸ ਕਰਨ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਫੂਕੀ ਇੱਕ ਪ੍ਰਾਈਵੇਟ ਕੰਪਨੀ
Publish Date: Fri, 30 Oct 2026 08:19 PM (IST)
Updated Date: Sat, 31 Oct 2026 04:05 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਇੱਕ ਪ੍ਰਾਈਵੇਟ ਕੰਪਨੀ ਦੀ ਅਣਗਹਿਲੀ ਕਾਰਨ 253 ਅਧਿਆਪਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਰਹੇ ਹਨ। ਪੰਜਾਬ ਸਰਕਾਰ ਦੀ ਇਸ ਮਸਲੇ ਪ੍ਰਤੀ ਬੇਰੁਖੀ ਅਤੇ ਰੁਜ਼ਗਾਰ ਖੋਹਣ ਦੀ ਨੀਤੀ ਦੇ ਖਿਲਾਫ ਅੱਜ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ।ਅਧਿਆਪਕ ਆਗੂਆਂ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ ਤੇ ਲਖਵਿੰਦਰ ਮਾਨ, ਦਰਸ਼ਨ ਅਲੀਸ਼ੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਈਲੈੱਟ ਨਾਂ ਦੀ ਇੱਕ ਪ੍ਰਾਈਵੇਟ ਕੰਪਨੀ ਨੇ ਇਨ੍ਹਾਂ ਅਧਿਆਪਕਾਂ ਦਾ ਟੈਸਟ ਲਿਆ ਸੀ, ਜਿਸ ਦੇ 83 ਪ੍ਰਸ਼ਨਾਂ ਦੇ ਉੱਤਰ ਗ਼ਲਤ ਪਾਏ ਗਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਰੁਜ਼ਗਾਰ ਮਿਲਿਆ ਪਰ ਹੁਣ ਦੁਬਾਰਾ ਪੁਰਾਣੀ ਉੱਤਰ ਪੱਤਰੀ ਨੂੰ ਅਧਾਰ ਮੰਨ ਕੇ ਪੰਜਾਬ ਸਰਕਾਰ ਨੇ ਇੱਕੋ ਝਟਕੇ ਨਾਲ ਇਨ੍ਹਾਂ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਕਰ ਦਿੱਤੇ ਹਨ। ਇਸ ਕਰ ਕੇ ਇਨ੍ਹਾਂ ਅਧਿਆਪਕਾਂ ਦੇ ਭਵਿੱਖ ’ਤੇ ਸੁਆਲੀਆ ਨਿਸ਼ਾਨ ਲੱਗ ਗਿਆ ਹੈ। ਰਾਜਵਿੰਦਰ ਬੈਹਣੀਵਾਲ, ਸਤੀਸ਼ ਕੁਮਾਰ, ਹੰਸਾ ਸਿੰਘ ਤੇ ਗੁਰਜੰਟ ਸਿੰਘ ਆਗੂਆਂ ਨੇ ਇਨ੍ਹਾਂ ਅਧਿਆਪਕਾਂ ਦੇ ਰੁਜ਼ਗਾਰ ਉਜਾੜੇ ਦੇ ਨਾਦਰਸ਼ਾਹੀ ਫੁਰਮਾਨਾਂ ਦੀ ਤਿੱਖੀ ਅਲੋਚਨਾ ਕਰਦਿਆਂ ਇਨ੍ਹਾਂ ਹੁਕਮਾਂ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਗਲਤੀਆਂ ਦਾ ਖਮਿਆਜਾ ਅਧਿਆਪਕ ਵਰਗ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਸਰਕਾਰ ਸਮੇਂ ਵੀ 89 ਦਿਨਾਂ ਵਾਲੇ ਅਧਿਆਪਕਾਂ ਨੂੰ ਨੌਕਰੀ ਤੋਂ ਜਵਾਬ ਦੇ ਕੇ ਘਰੇ ਤੋਰ ਦਿੱਤਾ ਸੀ ਪਰ ਲੰਮੇ ਜਾਨ ਹੂਲਵੇ ਅਤੇ ਲਗਾਤਾਰ ਸੰਘਰਸ਼ ਕਾਰਨ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤੇ ਉਨ੍ਹਾਂ ਅਧਿਆਪਕਾਂ ਨੂੰ ਮੁੜ ਨੌਕਰੀ ਤੇ ਰੱਖਣਾ ਪਿਆ। ਇਸੇ ਤਰ੍ਹਾਂ ਇਸ ਸਰਕਾਰ ਨੂੰ ਵੀ ਆਪਣਾ ਪੜਿਆ ਵਿਚਾਰ ਲੈਣਾ ਚਾਹੀਦਾ ਹੈ। ਇਸ ਮੌਕੇ ਸ਼ਿੰਗਾਰਾ ਸਿੰਘ,ਹਰਭਜਨ ਸਿੰਘ,ਗੁਰਪ੍ਰੀਤ ਭੀਖੀ,ਇਕਬਾਲ ਸਿੰਘ, ਦਮਨਜੀਤ ਸਿੰਘ, ਸਮਰਜੀਤ ਅਤਲਾ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਬੋਬੀ, ਕੁਲਵੰਤ ਚਾਹਲ ਵੀ ਹਾਜ਼ਰ ਸਨ|