7 ਜੂਨ ਨੂੰ ਲੱਗਣਗੇ ਪ੍ਰੀ-ਐੱਸਆਈਆਰ ਆਧਾਰਿਤ ਕੈਂਪ : ਡੀਸੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ
Publish Date: Mon, 01 Jun 2026 07:09 PM (IST)
Updated Date: Tue, 02 Jun 2026 04:07 AM (IST)
-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 7 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਜ਼ਿਲ੍ਹਾ ਮਾਨਸਾ ਦੇ ਪੋਲਿੰਗ ਬੂਥਾਂ ਵਿਚ ਪ੍ਰੀ-ਐੱਸਆਈਆਰ 'ਤੇ ਆਧਾਰਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ। ਵੋਟਰ ਸੂਚੀਆਂ ਨੂੰ ਬਿਲਕੁਲ ਸਹੀ ਤੇ ਅਪਡੇਟ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਬੂਥ ਲੈਵਲ ਅਫ਼ਸਰ 7 ਜੂਨ ਦਿਨ ਐਤਵਾਰ ਨੂੰ ਆਪੋ-ਆਪਣੇ ਬੂਥਾਂ ’ਤੇ ਮੌਜੂਦ ਰਹਿਣਗੇ। ਇਸ ਕੈਂਪ ਦਾ ਮੁੱਖ ਉਦੇਸ਼, ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨਾਲ ਸਬੰਧਤ ਕੰਮਾਂ ਨੂੰ ਹੋਰ ਪਾਰਦਰਸ਼ੀ, ਤਰੁਟੀ ਰਹਿਤ ਅਤੇ ਸੁਖਾਲਾ ਬਣਾਉਣਾ ਹੈ। ਜਿਹੜੇ ਵੋਟਰਾਂ ਦੀ ਵੋਟ, 2003 ਦੀ ਵੋਟਰ ਸੂਚੀ ਨਾਲ ਹਲੇ ਤੱਕ ਮੈਪ ਨਹੀਂ ਹੋਈ। ਉਹ ਵੋਟਰ ਇਸ ਵਿਸ਼ੇਸ਼ ਕੈਂਪ ਵਿੱਚ ਆਪਣੀ ਵੋਟ ਮੈਪ ਕਰਵਾ ਲੈਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 94.26 ਫ਼ੀਸਦੀ ਵੋਟਰਾਂ ਦੀ ਮੈਪਿੰਗ ਨਾਲ ਜ਼ਿਲ੍ਹਾ ਮਾਨਸਾ ਪੰਜਾਬ ਭਰ ਵਿਚੋਂ ਪਹਿਲੇ ਸਥਾਨ ‘ਤੇ ਕਾਇਮ ਹੈ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਵਿਸ਼ੇਸ਼ ਗਹਿਰੀ ਸੁਧਾਈ ਦੇ ਸ਼ਡਿਊਲ ’ਚ ਅੰਸ਼ਿਕ ਸੋਧ ਕੀਤੀ ਹੈ। ਹੁਣ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ ਦੀ ਥਾਂ ‘ਤੇ 3 ਅਗਸਤ 2026 ਨੂੰ ਕੀਤੀ ਜਾਵੇਗੀ। ਇਸੇ ਤਰ੍ਹਾਂ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ ਤੇ ਇਨ੍ਹਾਂ ਦਾ ਨਿਤਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਅਨੁਸਾਰ ਬਾਕੀ ਸ਼ਡਿਊਲ ਉਸੇ ਤਰ੍ਹਾਂ ਜਾਰੀ ਰਹੇਗਾ। ਇਸ ਤਹਿਤ 25 ਜੂਨ ਤੋਂ 24 ਜੁਲਾਈ ਤੱਕ ਬੀਐੱਲਓ ਘਰ-ਘਰ ਜਾ ਕੇ ਵੋਟਰਾਂ ਨੂੰ ਇਨਿਊਮੀਰੇਸ਼ਨ ਫ਼ਾਰਮ ਦੀ ਵੰਡ ਕਰਨਗੇ ਤੇ ਸਬੰਧਤ ਵੋਟਰ ਕੋਲੋਂ ਲੁੜੀਂਦੀ ਜਾਣਕਾਰੀ ਭਰਵਾ ਕੇ ਹਸਤਾਖਰ ਸ਼ੁਦਾ ਫ਼ਾਰਮ ਇਕੱਤਰ ਕਰਨਗੇ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਿਮਰਪ੍ਰੀਤ ਕੌਰ, ਉਪ ਮੰਡਲ ਮੈਜਿਸਟਰੇਟ ਮਾਨਸਾ ਬਲਜੀਤ ਕੌਰ, ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ, ਉਪ-ਮੰਡਲ ਮੈਜਿਸਟਰੇਟ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਵੀ ਮੌਜੂਦ ਸਨ।