- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਹੀਰੋਂ ਖ਼ੁਰਦ, ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ 4 ਅਤੇ 5 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਾਲ ‘ਵਿਰਾਸਤੀ ਮੇਲੇ’ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਕਾਲਜ ਦਾ ਪੂਰਾ ਕੈਂਪਸ ਇਸ ਸਮੇਂ ਰਵਾਇਤੀ ਰੰਗਾਂ ਨਾਲ ਰੰਗਿਆ ਹੋਇਆ ਦਿਖਾਈ ਦੇ ਰਿਹਾ ਹੈ, ਜਿੱਥੇ ਸਟਾਫ਼, ਵਿਦਿਆਰਥੀ ਅਤੇ ਮੈਨੇਜਮੈਂਟ ਇਕਜੁੱਟ ਹੋ ਕੇ ਇਸ ਮਹੱਤਵਪੂਰਨ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਸਬੰਧੀ ਕਾਲਜ ਦੇ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ ਨੇ ਦੱਸਿਆ ਕਿ ਇਸ ਵਾਰ ਮੇਲੇ ਨੂੰ ਵੱਡੇ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਹਰ ਕੋਨੇ ‘ਚ ਵੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਵੱਖ-ਵੱਖ ਸੱਭਿਆਚਾਰਕ ਪ੍ਰਦਰਸ਼ਨ, ਲੋਕ-ਨੱਚ, ਗਿੱਧਾ-ਭੰਗੜਾ, ਪੁਰਾਣੀਆਂ ਰਸਮਾਂ ਅਤੇ ਰਿਵਾਜਾਂ ਦੀ ਪੇਸ਼ਕਾਰੀ ਲਈ ਖਾਸ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ ਮੇਲੇ ਵਿੱਚ ਰਵਾਇਤੀ ਖਾਣੇ-ਪੀਣੇ ਦੇ ਸਟਾਲ, ਪੁਰਾਣੇ ਸਮੇਂ ਦੇ ਸਾਜੋ-ਸਮਾਨ ਦੀ ਨੁਮਾਇਸ਼ ਅਤੇ ਪੰਜਾਬੀ ਹੱਥ ਕਲਾਵਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਅਤੇ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਵਿਸ਼ਾਲ ਤੇ ਰੰਗ-ਬਿਰੰਗੇ ਮੇਲੇ ਦੀ ਸ਼ਾਨ ਨੂੰ ਹੋਰ ਵੀ ਚਾਰ ਚਾਂਦ ਲਗਾਉਣ ਲਈ ਪ੍ਰਸਿੱਧ ਗਾਇਕ, ਮਸ਼ਹੂਰ ਕਲਾਕਾਰ, ਹਾਸੇ-ਮਜ਼ਾਕ ਨਾਲ ਸਭ ਨੂੰ ਮਨੋਰੰਜਨ ਪ੍ਰਦਾਨ ਕਰਨ ਵਾਲੇ ਕਾਮੇਡੀਅਨ ਅਤੇ ਫਿਲਮੀ ਦੁਨੀਆ ਦੇ ਨਾਮਵਰ ਕਲਾਕਾਰ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਰੌਣਕਮਈ ਬਣਾਉਣ ਲਈ ਪਹੁੰਚ ਰਹੇ ਹਨ। ਉਨ੍ਹਾਂ ਦੀਆਂ ਦਿਲਕਸ਼ ਪੇਸ਼ਕਾਰੀਆਂ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਹੋਣਗੀਆਂ ਅਤੇ ਮੇਲੇ ਨੂੰ ਯਾਦਗਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਡਾ. ਬੱਲ ਨੇ ਹੋਰ ਦੱਸਿਆ ਕਿ ਇਸ ਮੇਲੇ ਲਈ ਵਿਦਿਆਰਥੀਆਂ ਅਤੇ ਸਥਾਨਕ ਇਲਾਕੇ ਦੇ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਡੀ ਗਿਣਤੀ ’ਚ ਲੋਕਾਂ ਦੀ ਸ਼ਮੂਲੀਅਤ ਦੀ ਆਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਿਰਫ ਮਨੋਰੰਜਨ ਲਈ ਨਹੀਂ, ਸਗੋਂ ਪੰਜਾਬ ਦੀਆਂ ਅਮੀਰ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣ ਦਾ ਇੱਕ ਉਪਰਾਲਾ ਵੀ ਹਨ। ਉਨ੍ਹਾਂ ਦੱਸਿਆ ਕਿ ਰਾਇਲ ਗਰੁੱਪ ਆਫ਼ ਕਾਲਜਿਜ਼ ਸਿੱਖਿਆ ਦੇ ਨਾਲ-ਨਾਲ ਪੇਂਡੂ ਖੇਤਰ ਦੇ ਨੌਜਵਾਨਾਂ ਦੀ ਤਰੱਕੀ ਤੇ ਹੁਨਰ ਵਿਕਾਸ ਲਈ ਵੀ ਵਚਨਬੱਧ ਹੈ। ਇਸੇ ਕੜੀ ਤਹਿਤ ਸੰਸਥਾ ਵੱਲੋਂ 8 ਅਪ੍ਰੈਲ ਤੋਂ ਹਾਲ ਹੀ ਵਿੱਚ ਬਾਰ੍ਹਵੀਂ ਪਾਸ ਕੀਤੇ ਵਿਦਿਆਰਥੀਆਂ ਲਈ ਇੱਕ ਮੁਫ਼ਤ ਵਰਕਸ਼ਾਪ ਵੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਨਵੀਆਂ ਕੌਸ਼ਲਤਾਵਾਂ ਅਤੇ ਕਰੀਅਰ ਮਾਰਗ-ਦਰਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਸਾਰੇ ਇਲਾਕਾ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ‘ਵਿਰਾਸਤੀ ਮੇਲੇ’ ਵਿੱਚ ਸ਼ਿਰਕਤ ਕਰਕੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਦਾ ਆਨੰਦ ਮਾਣਨ ਅਤੇ ਇਸਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।