ਸਿਆਸੀ ਫਲੈਕਸਾਂ ਨੇ ਜ਼ਿਲ੍ਹੇ ਦੀ ਸੁੰਦਰਤਾ ਨੂੰ ਲਾਇਆ ਗ੍ਰਹਿਣ ਸਿਆਸੀ ਪੋਸਟਰਾਂ ਨੇ
Publish Date: Fri, 02 Oct 2026 06:31 PM (IST)
Updated Date: Fri, 02 Oct 2026 06:34 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸਿਆਸੀ ਪੋਸਟਰਾਂ ਨੇ ਜ਼ਿਲ੍ਹੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੱਤਾ ਹੈ। ਜਿਉਂ ਜਿਉਂ ਵਿਧਾਨਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਉਵੇਂ ਖੰਭਿਆਂ, ਦਰੱਖਤਾਂ, ਕੰਧਾਂ ਅਤੇ ਹਰ ਚੌਰਾਹਿਆਂ ’ਤੇ ਮਾਨਸਾ ਜ਼ਿਲ੍ਹੇ ਦੇ ਤਿੰਨੇ ਹਲਕਿਆਂ ’ਚ ਫਲੈਕਸਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ। ਨੈਸ਼ਨਲ ਹਾਈਵੇ ’ਤੇ ਇਹ ਫਲੈਕਸਾਂ ਲੱਗਣ ਦੇ ਇਲਾਵਾ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੇ ਅੰਦਰ ਵੀ ਫਲੈਕਸਾਂ ਲੱਗੀਆਂ ਹੋਈਆਂ ਹਨ ਅਤੇ ਇਸ ਕਾਰਨ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਸਿਆਸੀ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਜਿੱਥੇ ਇਹ ਪੋਸਟਰ, ਫਲੈਕਸਾਂ ਲਗਾਈਆਂ ਗਈਆਂ ਹਨ, ਉਥੇ ਹੀ ਕਈ ਕਾਰੋਬਾਰੀ ਜਾਂ ਸੰਸਥਾਵਾਂ ਦੇ ਆਗੂਆਂ ਵੱਲੋਂ ਬਿਨਾਂ ਮਨਜ਼ੂਰੀ ਇਹ ਪੋਸਟਰ ਲਗਵਾਏ ਗਏ ਹਨ। ਇਸ ਨਾਲ ਜਿੱਥੇ ਸ਼ਹਿਰ, ਪਿੰਡਾਂ ਦੀ ਸੁੰਦਰਤਾ ਖ਼ਰਾਬ ਹੁੰਦੀ ਹੈ, ਉਥੇ ਹੀ ਇਸ ਨਾਲ ਆਉਣ ਜਾਣ ਵਾਲੇ ਵਾਹਨਾਂ ਦੇ ਵੀ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਸਰਦੂਲਗੜ੍ਹ ਵੱਲੋਂ ਜਦ ਮਾਨਸਾ ਵੱਲ ਵੱਧਦੇ ਆਉਂਦੇ ਹਾਂ ਤਾਂ ਦਰੱਖਤਾਂ, ਖੰਭਿਆਂ ਤੇ ਇਹ ਪੋਸਟਰ ਲੱਗੇ ਆਮ ਦਿਖਾਈ ਦਿੰਦੇ ਹਨ। ਸੱਤਾਧਾਰੀ ਪਾਰਟੀ ਦੇ ਇਲਾਵਾ ਵਿਰੋਧੀ ਧਿਰ ਤੇ ਹੋਰਨਾਂ ਦੇ ਇਹ ਪੋਸਟਰ ਮਾਨਸਾ, ਬਰੇਟਾ, ਬੁਢਲਾਡਾ ’ਚ ਵੀ ਲੱਗੇ ਹੋਏ ਹਨ। ਬਰੇਟਾ ਇਲਾਕੇ ‘ਚ ਵੀ ਸਿਆਸੀ ਆਗੂਆਂ ਵੱਲੋਂ ਪੋਸਟਰਾਂ ਨੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿੱਤਾ ਹੈ। ਜਿਸ ਤਰਫ਼ ਵੀ ਨਜ਼ਰ ਜਾਂਦੀ ਹੈ। ਪੋਸਟਰ ਲੱਗੇ ਹੋਏ ਹਨ। ਪਰ ਇੰਨ੍ਹਾਂ ਪੋਸਟਰਾਂ ਨੂੰ ਹਟਾਉਣ ਦੀ ਕੋਈ ਅਧਿਕਾਰੀ ਹਿੰਮਤ ਨਹੀਂ ਕਰਦਾ। ਭਾਵੇਂਕਿ ਲੋਕਾਂ ਵੱਲੋਂ ਇਹ ਪੋਸਟਰਾਂ ਨੂੰ ਉਤਾਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰ ਇਹ ਮਸ਼ਹੂਰੀ ਦੇ ਲੱਗੇ ਪੋਸਟਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਧਰ ਪਾਵਰਕਾਮ ਦੇ ਖੰਭਿਆਂ ’ਤੇ ਵੀ ਇਹ ਪੋਸਟਰ ਆਮ ਹੀ ਲੱਗੇ ਦੇਖੇ ਜਾ ਸਕਦੇ ਹਨ। ਲੋਕਾਂ ਦਾ ਆਖਣਾ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਮਸ਼ਹੂਰੀ ਨਾਲ ਕਦੇ ਵੀ ਕੋਈ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਨਾਲ ਆਉਂਦੇ ਜਾਂਦੇ ਲੋਕਾਂ ਦਾ ਧਿਆਨ ਭਟਕਦਾ ਹੈ। ਕਈ ਥਾਵਾਂ ਤੇ ਪੋਸਟਰ ਟ੍ਰੈਫ਼ਿਕ ਸਿਗਨਲਾਂ ਅਤੇ ਸੂਚਨਾ ਬੋਰਡਾਂ ਨੂੰ ਵੀ ਢੱਕ ਰਹੇ ਹਨ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਿਲ ਆਉਂਦੀ ਹੈ। ਸਰਕਾਰੀ ਸੰਪਤੀ ’ਤੇ ਬਿਨ੍ਹਾਂ ਇਜਾਜ਼ਤ ਇਸ਼ਤਿਹਾਰ ਲਗਾਉਣਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਇਸ ਦੇ ਕਾਰਨ ਜੰਗਲਾਤ ਮਹਿਕਮੇ ’ਤੇ ਵੀ ਉਂਗਲੀ ਉੱਠਦੀ ਹੈ, ਜਦੋਂਕਿ ਪਾਵਰਕਾਮ ਦੇ ਖੰਭਿਆਂ ’ਤੇ ਲੱਗੇ ਪੋਸਟਰਾਂ ਨੂੰ ਉਤਾਰਨ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ ਵਿੱਚ ਜਦ ਪਾਵਰਕਾਮ ਦੇ ਐਕਸੀਅਨ ਸੁਧੀਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅਨੁਸਾਰ ਪੋਸਟਰ ਜਾਂ ਫਲੈਕਸ ਖੰਭਿਆਂ ’ਤੇ ਲਗਾਉਣ ਲਈ ਕਿਸੇ ਨੂੰ ਕੋਈ ਮਨਜ਼ੂਰੀ ਨਹੀਂ ਲੈਣੀ ਪੈਂਦੀ, ਪਰ ਇਹ ਖ਼ਤਰਨਾਕ ਹੈ। ਇਹ ਖੰਭਿਆਂ ’ਤੇ ਲਗਾਏ ਨਹੀਂ ਜਾਣੇ ਚਾਹੀਦੇ। --- ਬਿਨ੍ਹਾਂ ਮਨਜ਼ੂਰੀ ਲੱਗੀਆਂ ਜਾਣਗੀਆਂ ਹਟਾਈਆਂ : ਜੰਗਲਾਤ ਅਫ਼ਸਰ ਇਸ ਮਾਮਲੇ ਵਿੱਚ ਦਰੱਖਤਾਂ ’ਤੇ ਲੱਗੇ ਫਲੈਕਸ ਬੋਰਡਾਂ ਦੇ ਬਾਰੇ ’ਚ ਜੰਗਲਾਤ ਮਹਿਕਮੇ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਸ੍ਰੀਧਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਕੋਈ ਦਰੱਖਤਾਂ ’ਤੇ ਬੋਰਡ ਲਗਾਉਣ ਲਈ ਮਨਜ਼ੂਰੀ ਕਿਸੇ ਨੂੰ ਨਹੀਂ ਦਿੰਦੇ ਅਤੇ ਜੇਕਰ ਅਜਿਹੇ ਕਿਤੇ ਵੀ ਲਗੇ ਦਿਖਦੇ ਹਨ ਤਾਂ ਉਹ ਹਟਵਾ ਦਿੰਦੇ ਹਨ। ਜੇਕਰ ਹੁਣ ਵੀ ਉਨ੍ਹਾਂ ਦੇ ਧਿਆਨ ’ਚ ਆਏ ਤਾਂ ਉਨ੍ਹਾਂ ਵੱਲੋਂ ਇਹ ਬੋਰਡ ਹਟਵਾ ਦਿੱਤੇ ਜਾਣਗੇ।