ਬੁਢਲਾਡਾ 'ਚ ਪੁਲਿਸ ਐਨਕਾਊਂਟਰ, ਅਕਾਲੀ ਆਗੂ 'ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਮੁਕਾਬਲੇ ਤੋਂ ਬਾਅਦ ਚੜ੍ਹਿਆ ਹੱਥੇ; ਲੱਤ 'ਚ ਲੱਗੀ ਗੋਲੀ ਬਰੇਟਾ ਦੀ ਅਨਾਜ ਮੰਡੀ ਤੋਂ ਆਪਣੀ ਥਾਰ ਗੱਡੀ ਰਾਹੀਂ ਆਪਣੇ ਘਰ ਜਾਣ ਦੀ ਤਿਆਰੀ ਕਰ ਰਹੇ ਅਕਾਲੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਕਾਲਾ ਜਵੰਧਾ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਪੁਲਿਸ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ 13 ਜੁਲਾਈ ਦੀ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਬਰੇਟਾ ਦੀ ਅਨਾਜ ਮੰਡੀ ਵਿੱਚ ਆਪਣੀ ਆੜ੍ਹਤ ਦੀ ਦੁਕਾਨ ਤੋਂ ਆਪਣੇ ਪਿੰਡ ਕੁਲਰੀਆਂ ਜਾਣ ਦੀ ਤਿਆਰੀ ਕਰ ਰਹੇ ਦਲਵੀਰ ਸਿੰਘ ਉਰਫ਼ ਕਾਲਾ ਜਵੰਧਾ 'ਤੇ ਫਾਇਰ ਕੀਤਾ ਗਿਆ ਸੀ, ਜੋ ਉਸ ਦੇ ਪੇਟ ਵਿੱਚ ਲੱਗਿਆ।
Publish Date: Fri, 17 Jul 2026 04:12 PM (IST)
Updated Date: Fri, 17 Jul 2026 04:14 PM (IST)
ਸੰਵਾਦ ਸੂਤਰ, ਜਾਗਰਣ, ਬੁਢਲਾਡਾ : ਬਰੇਟਾ ਦੀ ਅਨਾਜ ਮੰਡੀ ਤੋਂ ਆਪਣੀ ਥਾਰ ਗੱਡੀ ਰਾਹੀਂ ਆਪਣੇ ਘਰ ਜਾਣ ਦੀ ਤਿਆਰੀ ਕਰ ਰਹੇ ਅਕਾਲੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਕਾਲਾ ਜਵੰਧਾ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਪੁਲਿਸ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ 13 ਜੁਲਾਈ ਦੀ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਬਰੇਟਾ ਦੀ ਅਨਾਜ ਮੰਡੀ ਵਿੱਚ ਆਪਣੀ ਆੜ੍ਹਤ ਦੀ ਦੁਕਾਨ ਤੋਂ ਆਪਣੇ ਪਿੰਡ ਕੁਲਰੀਆਂ ਜਾਣ ਦੀ ਤਿਆਰੀ ਕਰ ਰਹੇ ਦਲਵੀਰ ਸਿੰਘ ਉਰਫ਼ ਕਾਲਾ ਜਵੰਧਾ 'ਤੇ ਫਾਇਰ ਕੀਤਾ ਗਿਆ ਸੀ, ਜੋ ਉਸ ਦੇ ਪੇਟ ਵਿੱਚ ਲੱਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਚਾਰ ਮੁਲਜ਼ਮਾਂ ਵਿੱਚੋਂ ਗੁਰਮੀਤ ਸਿੰਘ ਉਰਫ਼ ਮੀਤਾ ਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਬਰਾਮਦ ਕਰਵਾਉਣ ਲਈ ਥਾਨਾ ਬਰੇਟਾ ਇੰਚਾਰਜ ਗਣੇਸ਼ਵਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਪਿੰਡ ਦਾਤੇਵਾਸ ਲੈ ਕੇ ਪਹੁੰਚੀ ਸੀ। ਉੱਥੇ ਪਹਿਲਾਂ ਤੋਂ ਹੀ ਲੋਡ ਕੀਤੇ ਪਿਸਤੌਲ ਨਾਲ ਗੁਰਮੀਤ ਸਿੰਘ ਉਰਫ਼ ਮੀਤਾ ਵੱਲੋਂ ਪੁਲਿਸ ਪਾਰਟੀ 'ਤੇ ਫਾਇਰ ਕਰ ਦਿੱਤਾ ਗਿਆ, ਜੋ ਪੁਲਿਸ ਦੀ ਬੋਲੈਰੋ ਗੱਡੀ 'ਤੇ ਲੱਗਿਆ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਗੋਲੀ ਮੁਲਜ਼ਮ ਦੀ ਖੱਬੀ ਲੱਤ ਵਿੱਚ ਲੱਗੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਅਕਾਲੀ ਆਗੂ 'ਤੇ ਫਾਇਰਿੰਗ ਦੇ ਇਸ ਮਾਮਲੇ ਵਿੱਚ ਬਰੇਟਾ ਪੁਲਿਸ ਨੇ ਦਲਵੀਰ ਸਿੰਘ ਕਾਲਾ ਜਵੰਧਾ ਦੇ ਬਿਆਨਾਂ ਦੇ ਅਧਾਰ 'ਤੇ ਪਿੰਡ ਕੁਲਰੀਆਂ ਦੇ ਰਹਿਣ ਵਾਲੇ ਰਾਜਵੀਰ ਸਿੰਘ ਉਰਫ਼ ਰਾਜੂ, ਰਵੀ, ਪਿੰਡ ਦਾਤੇਵਾਸ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ਼ ਮੀਤਾ ਅਤੇ ਪਿੰਡ ਕੁਲਰੀਆਂ ਦੇ ਰਹਿਣ ਵਾਲੇ ਰਵੀ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਗੁਰਮੀਤ ਸਿੰਘ ਉਰਫ਼ ਮੀਤਾ ਨੂੰ ਗ੍ਰਿਫ਼ਤਾਰ ਕੀਤਾ ਸੀ। ਦਲਵੀਰ ਸਿੰਘ ਨੇ ਦੱਸਿਆ ਕਿ ਰਵੀ ਸ਼ਰਮਾ ਅਤੇ ਰਾਜਵੀਰ ਸਿੰਘ ਉਰਫ਼ ਰਾਜੂ ਸਰਪੰਚ ਨਾਲ ਜ਼ਮੀਨੀ ਵਿਵਾਦ ਦੇ ਚੱਲਦਿਆਂ, ਉਸ ਨੇ ਗੁਰਤੇਜ ਸਿੰਘ ਉਰਫ਼ ਮੀਤਾ ਨੂੰ ਸ਼ਹਿ ਦੇ ਕੇ ਉਸ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰਵਾਈ ਸੀ।