ਲੋਕ ਕਲਾ ਮੰਚ ਨੇ ਪ੍ਰੋ. ਔਲਖ ਰਚਿਤ ਨਾਟਕ ‘ਤੂੰ ਚਰਖਾ ਘੁਕਦਾ ਰੱਖ ਜ਼ਿੰਦੇ’ ਖੇਡਿਆ ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ
Publish Date: Sat, 22 Aug 2026 04:40 PM (IST)
Updated Date: Sat, 22 Aug 2026 04:42 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਵੱਲੋਂ ਐਸਡੀ ਕੰਨਿਆ ਮਹਾਂਵਿਦਿਆਲਾ ਦੇ ਸਹਿਯੋਗ ਨਾਲ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਨ ‘ਤੇ ਨਟ-ਮੰਚਣ ਅਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਅਦਾਕਾਰ ਮਨਜੀਤ ਕੌਰ ਔਲਖ ਤੇ ਇੰਜ. ਵਿਨੋਦ ਜ਼ਿੰਦਲ ਨੇ ਕੀਤੀ। ਸੁਆਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਮਾਨਸਾ ਲੇਖਕਾਂ, ਅਦਾਕਾਰਾਂ ਅਤੇ ਸੰਘਰਸ਼ੀ ਯੋਧਿਆਂ ਦੀ ਧਰਤੀ ਹੈ। ਮਾਨਸਾ ਦਾ ਨਾਂ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਕਰਕੇ ਪੂਰ੍ਹੀ ਦੁਨੀਆਂ ਵਿਚ ਜਾਣਿਆ ਜਾਂਦਾ ਹੈ। ਇਸ ਮੌਕੇ ਤੇਜਿੰਦਰ ਕੌਰ ਨੇ ਹਾਜ਼ਰੀਨ ਨੂੰ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਤੋਂ ਜਾਣੂ ਕਰਵਾਇਆ। ਵਿਭਾਗ ਦੇ ਖੋਜ ਅਫ਼ਸਰ ਤੇ ਕਵੀ ਗੁਰਪ੍ਰੀਤ ਨੇ ਪ੍ਰੋ. ਔਲਖ ਦੇ ਜੀਵਨ ਅਤੇ ਨਾਟ - ਕਲਾ ਬਾਰੇ ਵਿਸਥਾਰ ਵਿੱਚ ਬੋਲਦਿਆਂ ਦੱਸਿਆ ਕਿ ਪ੍ਰੋ. ਔਲਖ ਪੰਜਾਬੀ ਦੇ ਅਜਿਹੇ ਨਾਟਕਕਾਰ ਹੋਏ ਹਨ, ਜਿੰਨ੍ਹਾਂ ਨੂੰ ਇੱਕੋ ਵੇਲੇ ਆਮ ਦਰਸ਼ਕਾਂ ਅਤੇ ਬੁੱਧੀਜੀਵੀ ਵਰਗ ਨੇ ਸਵੀਕਾਰਿਆ। ਅਜਮੇਰ ਸਿੰਘ ਔਲਖ ਦੀ ਸ਼ਖਸੀਅਤ ਦੀ ਇਹ ਖ਼ਾਸੀਅਤ ਸੀ ਕਿ ਉਹ ਵਿਸ਼ੇਸ਼ ਹੁੰਦੇ ਹੋਏ ਵੀ ਸਾਧਾਰਨ ਬਣੇ ਰਹਿੰਦੇ ਸਨ। ਪ੍ਰੋ. ਔਲਖ ਨੇ ਆਪਣੇ ਨਾਟਕਾਂ ਵਿੱਚ ਗਰੀਬ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ। ਉਨ੍ਹਾਂ ਦੇ ਦੁੱਖ ਤਕਲੀਫ਼ਾਂ, ਅਧੂਰੀਆਂ ਖਾਹਿਸ਼ਾਂ - ਉਮੰਗਾਂ ਨੂੰ ਦਿਖਾਇਆ ਹੈ। ਗੁਰਪ੍ਰੀਤ ਨੇ ਅੱਗੇ ਦੱਸਿਆ ਕਿ ਔਲਖ ਦੇ ਰੰਗਮੰਚ ਦੀ ਇਹ ਖੂਬੀ ਹੈ ਕਿ ਉਹ ਮਹਿੰਗੀ ਮੰਚ ਸੱਜਾ ਦਾ ਮੁਥਾਜ ਨਹੀਂ, ਸਗੋਂ ਪਿੰਡਾਂ ਦੀਆਂ ਸੱਥਾਂ ਵਿਚ ਥੜ੍ਹਿਆਂ ‘ਤੇ ਆਮ ਲੋਕਾਂ ਦੇ ਪਹਿਰਾਵੇ ਵਿੱਚ ਮੰਚਿਤ ਹੁੰਦਾ ਹੈ। ਦਰਸ਼ਕ ਤੇ ਕਲਾਕਾਰ ਇੱਕਮਿਕ ਹੋ ਜਾਂਦੇ ਹਨ। ਡਾ. ਅਜਮੀਤ ਕੌਰ ਦੀ ਨਿਰਦੇਸ਼ਨਾ ਹੇਠ ਪ੍ਰੋ. ਔਲਖ ਰਚਿਤ ਨਾਟਕ ‘ਤੂੰ ਚਰਖਾ ਘੁਕਦਾ ਰੱਖ ਜਿੰਦੇ’ ਦਾ ਮੰਚਣ ਕੀਤਾ ਗਿਆ, ਜਿਸ ਵਿਚ ਜਗਤਾਰ ਔਲਖ, ਹਰਪਾਲ ਸਿੰਘ, ਬਿੱਟੂ ਮਾਨਸਾ, ਕੁਲਦੀਪ ਮੰਦਰਾਂ, ਹਰਪ੍ਰੀਤ ਪੁਰਬਾ ਤੇ ਅਜਮੀਤ ਕੌਰ ਨੇ ਅਦਾਕਾਰੀ ਬਾਖੂਬੀ ਨਿਭਾਈ। ਨਾਟਕ ਵੇਖਦਿਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਕਾਲਜ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਸਭ ਦਾ ਧੰਨਵਾਦ ਕੀਤਾ ਤੇ ਡਾ. ਬਲਜੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਸਮਾਗਮ ਵਿਚ ਕਹਾਣੀਕਾਰ ਦਰਸ਼ਨ ਜੋਗਾ, ਕਵੀ ਬਲਰਾਜ ਨੰਗਲ, ਹਰਿੰਦਰ ਮਾਨਸ਼ਾਹੀਆ, ਅਮੋਲਕ ਡੇਲੂਆਣਾ, ਗੋਰਾ ਲਾਲ ਬਾਂਸਲ, ਆਤਮਾ ਸਿੰਘ ਪਮਾਰ, ਅਸ਼ੋਕ ਬਾਂਸਲ, ਸੁਪਨਦੀਪ ਕੌਰ, ਮਨਜੀਤ ਚਾਹਲ, ਕਰਮਜੀਤ ਕੌਰ, ਗੁਰਮੇਲ ਕੌਰ ਜੋਸ਼ੀ, ਹਰਬੰਸ ਕੌਰ, ਮਧੂ ਸਦਿਓੜਾ ਅਤੇ ਸਮੂਹ ਸਟਾਫ਼ ਹਾਜ਼ਰ ਸੀ।