ਸੁਰੱਖਿਅਤ ਜਣੇਪੇ ਲਈ ਗਰਭ ਅਵਸਥਾ ’ਚ ਸਮੇਂ-ਸਮੇਂ ’ਤੇ ਜਾਂਚ ਜ਼ਰੂਰੀ : ਡਾ. ਰਣਜੀਤ ਸਿੰਘ ਰਾਏ ਸੁਰੱਖਿਅਤ ਜਣੇਪੇ ਲਈ ਗਰਭ
Publish Date: Thu, 23 Jul 2026 04:42 PM (IST)
Updated Date: Thu, 23 Jul 2026 04:43 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਜ਼ਿਲ੍ਹਾ ਜੱਚਾ ਬੱਚਾ ਹਸਪਤਾਲ ਮਾਨਸਾ ਸਮੇਤ ਵੱਖ - ਵੱਖ ਥਾਈਂ ਗਰਭਵਤੀ ਔਰਤਾਂ ਲਈ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸੁਰੱਖਿਅਤ ਜਣੇਪੇ ਸਬੰਧੀ 9 ਸੰਕਲਪਾਂ ਨਾਲ ਪ੍ਰੋਗਰਾਮ ਨੂੰ ਚਲਾਇਆ ਜਾ ਰਿਹਾ ਹੈ, ਜਿਸ ਨਾਲ ਮਾਂ ਤੇ ਬੱਚੇ ਨੂੰ ਸੁਰੱਖਿਅਤ ਹੋਣ ਦੇ ਨਾਲ ਨਾਲ ਮਾਤਰੀ ਮੌਤ ਦਰ ਵਿੱਚ ਵੀ ਬਹੁਤ ਕਮੀ ਆਈ ਹੈ। ਇਹ 9 ਸੰਕਲਪ ਜਿਵੇਂਕਿ ਮਾਹਿਰ ਡਾਕਟਰਾਂ ਵੱਲੋਂ ਸੇਵਾਵਾਂ, ਅਲਟਰਸਾਊਂਡ, ਉਚ ਜੋਖ਼ਮ ਗਰਭ ਅਵਸਥਾ ਦਾ ਨਿਦਾਨ ਅਤੇ ਪ੍ਰਬੰਧਨ ਕਰਵਾਉਣਾ, ਸੁਰੱਖਿਅਤ ਜਣੇਪੇ ਤੱਕ ਉੱਚ ਜ਼ੋਖਮ ਗਰਭਵਤੀ ਮਾਵਾਂ ਦੀ ਨਿਗਰਾਨੀ ਜਾਂਚ, ਪ੍ਰੋਗਰਾਮ ਵਿੱਚ ਭਾਗ ਲੈਣ ਲਈ ਗਰਭਵਤੀ ਔਰਤਾਂ ਨੂੰ ਉਤਸ਼ਾਹਿਤ ਕਰਨਾ, ਸੁਰੱਖਿਅਤ ਜਣੇਪੇ ਲਈ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ, ਸਮੇਂ ਸਮੇਂ ਤੇ ਖੂਨ ਅਤੇ ਪਿਸ਼ਾਬ ਦੀ ਜ਼ਰੂਰੀ ਜਾਂਚ ਕਰਵਾਉਣੀ, ਆਇਰਨ ਤੇ ਕੈਲਸ਼ੀਅਮ ਦੀ ਗੋਲੀਆਂ ਲੋੜ ਅਨੁਸਾਰ ਦੇਣੀਆਂ ਅਤੇ ਟੀਡੀ ਦਾ ਟੀਕਾ ਲਗਾਉਣਾ, ਪੋਸ਼ਣ, ਸੰਤੁਲਿਤ ਖੁਰਾਕ ਅਤੇ ਪਰਿਵਾਰ ਨਿਯੋਜਨ ਬਾਰੇ ਸਲਾਹ ਦੇਣੀ ਆਦਿ। ਨਾਲ ਹੀ ਡਾ.ਰਾਏ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਗੁਣਵੱਤਾ ਪੂਰਨ ਦੇਖਭਾਲ ਪ੍ਰਦਾਨ ਕਰਨਾ ਹੈ। ਮਾਤਰੀ ਮੌਤ ਦਰ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਜਣੇਪੇ ਲਈ ਗਰਭ ਅਵਸਥਾ ਤੋਂ ਹੀ ਚੌਕਸੀ ਜ਼ਰੂਰੀ ਹੈ। ਜੇਕਰ ਗਰਭਵਤੀ ਔਰਤਾਂ ਖ਼ਾਸ ਕਰਕੇ ਹਾਈ ਰਿਸਕ ਔਰਤਾਂ ਦੀ ਸਮੇਂ ਸਮੇਂ ਤੇ ਉੱਚਿਤ ਸਿਹਤ ਜਾਂਚ ਕੀਤੀ ਜਾਵੇ ਤਾਂ ਮਾਂ ਅਤੇ ਬੱਚੇ ਦੀਆਂ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮਾਤਰੀ ਮੌਤ ਦਰ ਘਟਾਉਣ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਿਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ ਚਾਰ ਏ.ਐੱਨ.ਸੀ. ਜਾਂਚ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਲਈ ਸਿਹਤ ਵਿਭਾਗ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਯਤਨਸ਼ੀਲ ਹੈ। ਹਰ ਮਹੀਨੇ ਦੀ 9 ਤਾਰੀਖ਼ ਅਤੇ 23 ਤਾਰੀਖ਼ ਨੂੰ ਵਿਸ਼ੇਸ਼ ਤੌਰ ਤੇ ਹਾਈਰਿਸਕ ਗਰਭਵਤੀ ਔਰਤਾਂ ਦੇ ਸੁਰੱਖਿਅਤ ਜਣੇਪੇ ਲਈ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ। ਇਸ ਮੌਕੇ ਔਰਤ ਰੋਗਾਂ ਦੇ ਮਾਹਿਰ ਡਾ.ਨਵਜੋਤ ਕੌਰ ਸਰਾਂ ਨੇ ਕਿਹਾ ਕਿ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਉਣ ਵਿਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਿਤਵ ਅਭਿਆਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਮੌਕੇ ਮਲਕੀਤ ਕੌਰ,ਰਜਨੀ ਜੋਸ਼ੀ ਅਤੇ ਸੁਖਪਾਲ ਕੌਰ ਏ. ਐਨ.ਐਮ.ਗੁਰਦੀਪ ਕੌਰ ਅਤੇ ਪੂਜਾ ਰਾਣੀ ਆਸ਼ਾ ਵਰਕਰਜ ਹਾਜਰ ਸਨ l