ਸਿਵਲ ਹਸਪਤਾਲ ਮਾਨਸਾ ’ਚ ਪੁਲਿਸ ਤੇ ਪਰਵਿੰਦਰ ਝੋਟਾ ਦੇ ਸਮਰਥਕਾਂ ’ਚ ਹੋਈ ਖਿੱਚ ਧੂਹ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ
Publish Date: Tue, 13 Oct 2026 06:12 PM (IST)
Updated Date: Tue, 13 Oct 2026 06:14 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਿਵਲ ਹਸਪਤਾਲ ਮਾਨਸਾ ਵਿਚ ਉਸ ਸਮੇਂ ਪੁਲਿਸ ਤੇ ਪਰਵਿੰਦਰ ਸਿੰਘ ਝੋਟਾ ਦੇ ਸਮਰਥਕਾਂ ’ਚ ਖਿੱਚ ਧੂਹ ਹੋ ਗਈ। ਜਦ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਨੂੰ ਮੋਰਚਰੀ ’ਚੋਂ ਧਰਨੇ ਵਿਚ ਲੋਕ ਲਿਜਾਣਾ ਚਾਹੁੰਦੇ ਸੀ, ਪਰ ਮੋਰਚਰੀ ਦੇ ਗੇਟ ’ਤੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਦੌਰਾਨ ਤਣਾਅ ਦਾ ਮਾਹੌਲ ਬਣ ਗਿਆ, ਪਰ ਪਰਵਿੰਦਰ ਸਿੰਘ ਦੇ ਸਮਰਥਕਾਂ ਨੇ ਇਸ ਦੌਰਾਨ ਗੇਟ ਲੰਘ ਕੇ ਅੰਦਰ ਦੀ ਮੋਰਚਰੀ ਦਾ ਦੂਜਾ ਦਰਵਾਜ਼ਾ ਖੋਲ੍ਹ ਲਿਆ। ਵੱਡੀ ਗਿਣਤੀ ’ਚ ਲੋਕ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਪੁਲਿਸ ਮੁਲਾਜ਼ਮ ਭੀੜ ਨੂੰ ਰੋਕਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਤੇ ਐੱਸਐੱਸਪੀ ਵੈਭਵ ਚੌਧਰੀ ਅੰਦਰ ਮੌਜੂਦ ਸਨ ਅਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਤੇ ਐੱਸਐੱਸਪੀ ਵੈਭਵ ਚੌਧਰੀ ਨੇ ਵਿਸ਼ਵਾਸ ਦਿਵਾਇਆ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਾਨਾ ਸਿੱਧੂ ਨੇ ਕਿਹਾ ਕਿ ਲਗਾਤਾਰ ਆਮ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲ ਰਿਹਾ। ਇਸ ਦੌਰਾਨ ਲੋਕਾਂ ਨੇ ਇਹ ਵੀ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਸਾਨੂੰ ਕਿਉਂ ਨਹੀਂ ਲਿਜਾਣ ਦਿੱਤੀ ਜਾ ਰਹੀ। ਇਸ ਦੌਰਾਨ ਇਹ ਲੋਕਾਂ ਨੇ ਸ਼ੰਕਾ ਪ੍ਰਗਟ ਕੀਤੀ ਕਿ ਪੁਲਿਸ ਵੱਲੋਂ ਇਸ ਦਾ ਧੱਕੇ ਨਾਲ ਸੰਸਕਾਰ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਇਸ ਦਾ ਅੰਜ਼ਾਮ ਚੰਗਾ ਨਹੀਂ ਹੋਵੇਗਾ। ਇਕ ਪਾਸੇ ਜਿੱਥੇ ਮੋਰਚਰੀ ’ਚ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਸੀ, ਉਥੇ ਹੀ ਦੂਜੇ ਪਾਸੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦੇ ਇਲਾਵਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਐਡਵੋਕੇਟ ਗੁਰਲਾਭ ਮਾਹਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਆਰਟੀਆਈ ਐਕਟੀਵਿਸਟ ਮਣੀਕ ਗੋਇਲ, ਕਾਂਗਰਸੀ ਆਗੂ ਹਰਵਿੰਦਰ ਭਰਦਵਾਜ਼ ਵੱਲੋਂ ਬਾਰਾਂ ਹੱਟਾ ਚੌਕ ‘ਤੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੇ ਬਾਅਦ ਇਹ ਧਰਨਾ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਤਿੰਨਕੋਣੀ ਅਤੇ ਡੀਸੀ ਰਿਹਾਇਸ਼ ਨਜ਼ਦੀਕ ਟੈਂਟ ਲਗਾ ਕੇ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਦੇ ਇਲਾਵਾ ਡੀਜੀਪੀ ਨੂੰ ਬਰਖਾਸਤ ਕੀਤੇ ਜਾਣ ਦੀ ਜਿੱਥੇ ਮੰਗ ਕੀਤੀ, ਉਥੇ ਹੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।