ਪਟਵਾਰਖਾਨੇ ’ਚ ਪਟਵਾਰੀ ਨਾ ਮਿਲਣ ਤੋਂ ਲੋਕ ਪਰੇਸ਼ਾਨ
ਜ਼ਿਲ੍ਹਾ ਮਾਨਸਾ ਦੇ ਪਟਵਾਰਖਾਨੇ ਵਿੱਚ ਪਟਵਾਰੀਆਂ
Publish Date: Wed, 01 Apr 2026 06:56 PM (IST)
Updated Date: Thu, 02 Apr 2026 04:10 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੇ ਪਟਵਾਰਖਾਨੇ ’ਚ ਪਟਵਾਰੀਆਂ ਦੀ ਲਗਾਤਾਰ ਗੈਰਹਾਜ਼ਰੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨੀ ਕਾਗਜ਼ਾਤ, ਇੰਤਕਾਲ, ਜਮ੍ਹਾਂਬੰਦੀ ਦੀਆਂ ਨਕਲਾਂ ਤੇ ਹੋਰ ਰਿਕਾਰਡ ਨਾਲ ਸਬੰਧਿਤ ਕੰਮਾਂ ਲਈ ਆਉਣ ਵਾਲੇ ਲੋਕ ਦਿਨ ਭਰ ਦਫ਼ਤਰਾਂ ਦੇ ਚੱਕਰ ਕੱਟਣ ਦੇ ਬਾਵਜੂਦ ਨਿਰਾਸ਼ ਵਾਪਸ ਜਾਣ ਲਈ ਮਜਬੂਰ ਹਨ। ਜ਼ਮੀਨ ਨਾਲ ਸਬੰਧਿਤ ਕੰਮ ਲਈ ਪਟਵਾਰਖਾਨੇ ਪਹੁੰਚੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਪਟਵਾਰੀ ਨਹੀਂ ਮਿਲ ਰਹੇ। ਦੂਰ-ਦੁਰਾਡੇ ਪਿੰਡਾਂ ਤੋਂ ਆਏ ਲੋਕ ਸਵੇਰ ਤੋਂ ਸ਼ਾਮ ਤੱਕ ਉਡੀਕ ਕਰਦੇ ਹਨ, ਪਰ ਉਨ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ। ਇਸ ਕਾਰਨ ਨਾ ਸਿਰਫ਼ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ, ਸਗੋਂ ਆਵਾਜਾਈ ’ਤੇ ਖਰਚ ਹੋਣ ਵਾਲਾ ਪੈਸਾ ਵੀ ਵਿਅਰਥ ਜਾਂਦਾ ਹੈ। ਖ਼ਾਸ ਕਰਕੇ ਕਿਸਾਨ ਵਰਗ ਇਸ ਸਮੱਸਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਫ਼ਸਲੀ ਮੌਸਮ ਦੌਰਾਨ ਜ਼ਮੀਨ ਦੇ ਕਾਗਜ਼ਾਂ ਦੀ ਲੋੜ ਹੋਣ ਕਰਕੇ ਉਨ੍ਹਾਂ ਨੂੰ ਤੁਰੰਤ ਸੇਵਾਵਾਂ ਦੀ ਲੋੜ ਹੁੰਦੀ ਹੈ, ਪਰ ਪਟਵਾਰੀਆਂ ਦੀ ਗੈਰਹਾਜ਼ਰੀ ਕਾਰਨ ਉਨ੍ਹਾਂ ਨੂੰ ਕਈ ਦਿਨ ਤੱਕ ਚੱਕਰ ਲਗਾਉਣੇ ਪੈਂਦੇ ਹਨ। ਇਸ ਨਾਲ ਉਨ੍ਹਾਂ ਦੇ ਖੇਤੀਬਾੜੀ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਕੰਮ ਕਰਵਾਉਣ ਲਈ ਉਥੇ ਬੈਠੇ ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਪਟਵਾਰੀਆਂ ਦੀ ਨਿਯਮਿਤ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਤੇ ਪਟਵਾਰਖਾਨੇ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਂਦਾ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।