ਗੈਸ ਨਾ ਮਿਲਣ ’ਤੇ ਲੋਕ ਖ਼ਰੀਦ ਰਹੇ ਬਿਜਲੀ ਵਾਲੇ ਚੁੱਲ੍ਹੇ
ਗੈਸ ਸਿਲੰਡਰਾਂ ਦੀ ਕਮੀ ਹੋਣ ਕਾਰਨ ਅਚਾਨਕ
Publish Date: Wed, 25 Mar 2026 06:42 PM (IST)
Updated Date: Thu, 26 Mar 2026 04:05 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਗੈਸ ਸਿਲੰਡਰਾਂ ਦੀ ਕਮੀ ਹੋਣ ਕਾਰਨ ਅਚਾਨਕ ਹੀ ਬਿਜਲੀ ਵਾਲੇ ਚੁੱਲ੍ਹਿਆਂ ਦੀ ਮੰਗ ਵੱਧ ਗਈ ਹੈ। ਪਿਛਲੇ ਕੁੱਝ ਦਿਨਾਂ ਤੋਂ ਦੁਕਾਨਾਂ ਤੋਂ ਬਿਜਲੀ ਵਾਲੇ ਚੁੱਲ੍ਹਿਆਂ ਦੀ ਖ਼ਰੀਦ ਜ਼ੋਰਾਂ ਤੇ ਚੱਲ ਰਹੀ ਹੈ। ਕੁਝ ਲੋਕ ਇਸ ਨੂੰ ਗੈਸ ਸਿਲੰਡਰ ਦੀ ਕਮੀ ਨਾਲ ਜੋੜ ਕੇ ਵੇਖ ਰਹੇ ਹਨ। ਦੁਕਾਨਾਂ ਵਾਲਿਆਂ ਦਾ ਕਹਿਣਾ ਹੈ ਕਿ ਬਹੁਤ ਵੱਡੀ ਗਿਣਤੀ ’ਚ ਗੈਸ ਵਾਲੇ ਚੁੱਲਿਆਂ ਨਾਲੋਂ ਬਿਜਲੀ ਵਾਲੇ ਚੁੱਲ੍ਹਿਆਂ ਦੀ ਵਿਕਰੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਹੈ। ਪਿੰਡ ਸਹਾਰਨਾ ਦੇ ਰਹਿਣ ਵਾਲੇ ਚਮਕੌਰ ਸਿੰਘ ਨੇ ਦੱਸਿਆ ਕਿ ਸੁਣਨ ’ਚ ਆ ਰਿਹਾ ਹੈ ਕਿ ਗੈਸ ਦੀ ਭਵਿੱਖ ’ਚ ਕਮੀ ਹੋਵੇਗੀ। ਇਸ ਲਈ ਹਰ ਕੋਈ ਬਿਜਲੀ ਵਾਲਾ ਚੁੱਲ੍ਹਾ ਲੈ ਕੇ ਆ ਰਿਹਾ ਤੇ ਉਨ੍ਹਾਂ ਨੇ ਵੀ ਅੱਜ ਬਿਜਲੀ ਵਾਲਾ ਚੁੱਲ੍ਹਾ ਖ਼ਰੀਦਿਆ ਹੈ। ਗੈਸ ਦਾ ਪਤਾ ਨਹੀਂ ਕਿ ਨਾ ਮਿਲੇ। ਪਿੰਡ ’ਚ ਇਹ ਚਰਚਾ ਚੱਲ ਰਹੀ ਹੈ ਕਿ ਗੈਸ ਸਿਲੰਡਰ ਨਹੀਂ ਮਿਲ ਰਹੇ ਅਤੇ ਬਹੁਤ ਸਾਰੇ ਲੋਕ ਸਵੇਰ ਤੋਂ ਹੀ ਗੈਸ ਲੈਣ ਲਈ ਚਲੇ ਜਾਂਦੇ ਹਨ ਤੇ ਗੈਸ ਨਹੀਂ ਮਿਲ ਰਹੀ ਤੇ ਕਈ ਦੀ ਬੁਕਿੰਗ ਤਾਂ ਹੋ ਗਈ ਹੈ ਪਰ ਗੈਸ ਨਹੀਂ ਮਿਲ ਰਹੇ, ਜਿਸ ਕਰਕੇ ਅਸੀਂ ਬਿਜਲੀ ਵਾਲਾ ਚੁੱਲਾ ਖ਼ਰੀਦ ਰਹੇ ਹਾਂ। ਇਸੇ ਹੀ ਤਰ੍ਹਾਂ ਮਾਨਸਾ ਦੇ ਰਮਨ ਸਿਨੇਮਾ ਰੋਡ ਤੇ ਭਾਂਡਿਆਂ ਦੀ ਦੁਕਾਨ ਕਰਨ ਵਾਲੇ ਸੇਠ ਤੇਲੂ ਰਾਮ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲੋਕ ਬਿਜਲੀ ਵਾਲੇ ਚੁੱਲੇ ਵੱਡੀ ਗਿਣਤੀ ’ਚ ਖ਼ਰੀਦ ਰਹੇ ਹਨ। ਪਹਿਲਾਂ ਗੈਸ ਵਾਲੇ ਚੁੱਲ੍ਹਿਆਂ ਦੀ ਮੰਗ ਸੀ ਪਰ ਹੁਣ ਬਿਜਲੀ ਵਾਲੇ ਚੁੱਲ੍ਹਿਆਂ ਦੀ ਰਿਕਾਰਡ ਤੋੜ ਵਿਕਰੀ ਹੋ ਰਹੀ ਹੈ। ਹੋ ਸਕਦਾ ਹੈ ਕਿ ਇਸ ਦਾ ਕਾਰਨ ਗੈਸ ਸਿਲੰਡਰਾਂ ਦਾ ਘੱਟ ਮਿਲਣਾ ਵੀ ਹੋ ਸਕਦਾ ਹੈ ਤਾਂ ਜੋ ਇੰਨ੍ਹੀ ਵੱਡੀ ਪੱਧਰ ਤੇ ਲੋਕ ਬਿਜਲੀ ਵਾਲੇ ਚੁੱਲੇ ਖਰੀਦ ਰਹੇ ਹਨ।