ਅੱਗ ਲਾਉਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਫ਼ਾਇਰ ਬ੍ਰਿਗੇਡ ਵਿਭਾਗ ਤਿਆਰ ਝੋਨੇ ਦੀ ਕਟਾਈ ਦਾ ਸੀਜ਼ਨ
Publish Date: Fri, 02 Oct 2026 04:29 PM (IST)
Updated Date: Fri, 02 Oct 2026 04:31 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਫ਼ਾਇਰ ਬ੍ਰਿਗੇਡ ਵਿਭਾਗ ਨੇ ਪਰਾਲੀ ਅਤੇ ਫ਼ਸਲੀ ਰਹਿੰਦ - ਖੂੰਹਦ ਨੂੰ ਲੱਗਣ ਵਾਲੀ ਅੱਗ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨਾਂ ਵੱਲੋਂ ਖੇਤਾਂ ਵਿੱਚ ਲਗਾਈ ਜਾਂਦੀ ਅੱਗ ਜਾਂ ਹੋਰ ਅਚਾਨਕ ਵਾਪਰਨ ਵਾਲੇ ਅਗਨੀ ਕਾਂਡਾਂ ਨਾਲ ਨਜਿੱਠਣ ਲਈ ਵਿਭਾਗ ਦੇ ਮੁਲਾਜ਼ਮ ਦਿਨ - ਰਾਤ (24 ਘੰਟੇ) ਡਿਊਟੀ ਤੇ ਤਾਇਨਾਤ ਰਹਿਣਗੇ। ਫ਼ਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਫ਼ਾਇਰ ਟੈਂਡਰ ਅਤੇ ਸਟਾਫ਼ ਤੈਨਾਤ ਕੀਤਾ ਗਿਆ ਹੈ। ਅਸਿਸਟੈਂਟ ਡਵੀਜ਼ਨਲ ਫਾਇਰ ਅਫ਼ਸਰ ਹਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇਹ ਤਿਆਰੀ ਕੀਤੀ ਗਈ ਹੈ। ਫ਼ਾਇਰ ਇੰਚਾਰਜ ਮਨਜੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2025 ਦੌਰਾਨ ਜ਼ਿਲ੍ਹੇ ਭਰ ਵਿੱਚ ਅੱਗ ਲੱਗਣ ਦੀਆਂ ਤਕਰੀਬਨ 500 ਦੇ ਕਰੀਬ ਘਟਨਾਵਾਂ ਸਾਹਮਣੇ ਆਈਆਂ ਸਨ। ਇੰਨ੍ਹਾਂ ਵਿੱਚੋਂ ਸਭ ਤੋਂ ਵੱਧ 266 ਘਟਨਾਵਾਂ ਇਕੱਲੇ ਮਾਨਸਾ ਵਿੱਚ ਵਾਪਰੀਆਂ, ਜਦਕਿ ਬਾਕੀ ਘਟਨਾਵਾਂ ਬੁਢਲਾਡਾ, ਭੀਖੀ ਅਤੇ ਸਰਦੂਲਗੜ੍ਹ ਖੇਤਰਾਂ ਵਿੱਚ ਦਰਜ ਕੀਤੀਆਂ ਗਈਆਂ। ਇੰਨ੍ਹਾਂ ਅੰਕੜਿਆਂ ਵਿੱਚ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਤੋਂ ਇਲਾਵਾ ਘਰਾਂ ਵਿੱਚ ਗੈਸ ਸਿਲੰਡਰ ਜਾਂ ਹੋਰ ਕਾਰਨਾਂ ਕਰਕੇ ਲੱਗੀ ਹੋਈ ਅੱਗ ਵੀ ਸ਼ਾਮਲ ਹੈ, ਜਿੰਨ੍ਹਾਂ ‘ਤੇ ਵਿਭਾਗੀ ਮੁਲਾਜ਼ਮਾਂ ਨੇ ਸਮਾਂ ਰਹਿੰਦੇ ਕਾਬੂ ਪਾਇਆ ਸੀ। ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ ਉਨ੍ਹਾਂ ਕੋਲ 4 ਫ਼ਾਇਰ ਟੈਂਡਰ ਅਤੇ 26 ਫ਼ਾਇਰਮੈਨ ਅਤੇ ਡਰਾਈਵਰ ਮੁਲਾਜ਼ਮ ਹਨ, ਜੋ ਕਿ ਕੋਈ ਵੀ ਅੱਗ ਲੱਗਣ ਦੀ ਘਟਨਾ ਵਾਪਰਨ ਦੇ ਤੁਰੰਤ ਬਾਅਦ ਹੀ ਗੱਡੀਆਂ ਲੈ ਕੇ ਮੌਕੇ ’ਤੇ ਪਹੁੰਚਦੀਆਂ ਹਨ ਅਤੇ ਅੱਗ ਨੂੰ ਬੁਝਾ ਦਿੰਦੀਆ ਹਨ। ਇਸ ਦੇ ਇਲਾਵਾ ਸਰਦੂਲਗੜ੍ਹ ਵਿੱਚ 2 ਫ਼ਾਇਰ ਟੈਂਡਰ ਅਤੇ 19 ਫ਼ਾਇਰਮੈਨ ਅਤੇ ਡਰਾਈਵਰ ਮੁਲਾਜ਼ਮ ਹਨ। ਭੀਖੀ ਵਿੱਚ 3 ਫ਼ਾਇਰ ਟੈਂਡਰ ਅਤੇ 14 ਫ਼ਾਇਰਮੈਨ ਅਤੇ ਡਰਾਈਵਰ ਮੁਲਾਜ਼ਮ ਹਨ। ਬੁਢਲਾਡਾ ਵਿੱਚ 1 ਫ਼ਾਇਰ ਟੈਂਡਰ ਅਤੇ 6 ਮੁਲਾਜ਼ਮ ਹਨ। ਏਡੀਐਫ਼ਓ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਲੱਗਣ ਵਾਲੀ ਅੱਗ ਨੂੰ ਰੋਕਣ ਅਤੇ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹਮੇਸ਼ਾ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਐੱਸਐੱਫ਼ਓ ਊਧਮ ਸਿੰਘ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਨਾ ਸਾੜਨ ਦੀ ਖਾਸ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਧੂੰਏਂ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਸਗੋਂ ਮੁੱਖ ਸੜਕਾਂ ਤੇ ਦਿੱਸਣ ਹੱਦ ਘਟਣ ਕਰ ਕੇ ਭਿਆਨਕ ਸੜਕ ਹਾਦਸੇ ਵਾਪਰਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਫ਼ਾਇਰ ਵਿਭਾਗ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਵਿੱਚ ਸਹਿਯੋਗ ਦੇਣ ਅਤੇ ਅੱਗ ਲੱਗਣ ਦੀ ਕਿਸੇ ਵੀ ਘਟਨਾ ਦੀ ਸੂਚਨਾ ਤੁਰੰਤ ਫ਼ਾਇਰ ਬ੍ਰਿਗੇਡ ਨੂੰ ਦੇਣ।