ਮੁਹੱਲਾ ਕਲੀਨਿਕ ਵਿੱਚ ਬਿਜਲੀ ਸਪਲਾਈ ਨਾ ਹੋਣ ਕਾਰਨ ਮਰੀਜ਼ ਅਤੇ ਸਟਾਫ਼ ਪ੍ਰੇਸ਼ਾਨ ਬੇਸ਼ੱਕ ਸੂਬਾ ਸਰਕਾਰ ਨਾਗਰਿਕਾਂ ਨੂੰ ਬਿਹਤਰ
Publish Date: Mon, 07 Sep 2026 04:44 PM (IST)
Updated Date: Mon, 07 Sep 2026 04:46 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਬੇਸ਼ੱਕ ਸੂਬਾ ਸਰਕਾਰ ਨਾਗਰਿਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪ੍ਰਤੀਬੱਧ ਹੈ, ਪ੍ਰੰਤੂ ਅਕਸਰ ਸਿਹਤ ਵਿਭਾਗ ਦੀਆਂ ਸਥਾਨਕ ਪੱਧਰ ‘ਤੇ ਅਣਗਹਿਲੀਆਂ ਕਈ ਦਿੱਕਤਾਂ ਖੜ੍ਹੀਆਂ ਕਰ ਦਿੰਦੀਆਂ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਵਾਰਡ-13 ਵਿਚ ਇਕ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਬੀਤੀ 25 ਜੁਲਾਈ ਤੋਂ ਸ਼ੁਰੂ ਹੋ ਗਈ ਸੀ, ਪ੍ਰੰਤੂ ਹਾਲੇ ਤੱਕ ਵਿਭਾਗ ਵੱਲੋਂ ਬਿਜਲੀ ਦਾ ਕੁਨੈਕਸ਼ਨ ਨਹੀ ਲਗਵਾਇਆ ਗਿਆ ਅਤੇ ਇਸ ਦਰਮਿਆਨ ਮੁਹੱਲਾ ਕਲੀਨਿਕ ਦੇ ਨਿਰਮਾਣ ਸਮੇਂ ਠੇਕੇਦਾਰ ਵੱਲੋਂ ਜੋ ਅਰਜ਼ੀ ਬਿਜਲੀ ਕੁਨੈਕਸ਼ਨ ਲਿਆ ਗਿਆ ਸੀ, ਹੁਣ ਤੱਕ ਉਸੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਸੀ। ਪਰ ਕਲੀਨਿਕ ਦੀ ਇਮਾਰਤ ਦਾ ਨਿਰਮਾਣ ਕਾਰਜ ਪੂਰ੍ਹਾ ਹੋਣ ਉਪਰੰਤ ਬਿਜਲੀ ਦਾ ਮੀਟਰ ਪਾਵਰਕਾਮ ਨੂੰ ਵਾਪਸ ਜਮ੍ਹਾਂ ਕਰਵਾ ਦਿੱਤਾ ਗਿਆ ਸੀ, ਜਿਸ ਕਰਕੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਇਥੇ ਨਿਯੁਕਤ ਸਟਾਫ਼ ਤੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬਿਜਲੀ ਸਪਲਾਈ ਨਾ ਹੋਣ ਕਾਰਨ ਏਸੀ, ਪੱਖੇ, ਇੰਟਰਨੈਟ ਕੁਨੈਕਸ਼ਨ ਬੰਦ ਹਨ, ਉਥੇ ਮਰੀਜ਼ਾਂ ਦੇ ਸੈਂਪਲ ਕੀਤੇ ਗਏ ਖ਼ੂਨ ਦੇ ਨਮੂਨੇ ਆਦਿ ਸਹੀ ਤਰੀਕੇ ਨਾਲ ਰੱਖਣ ਵਿਚ ਵੀ ਦਿੱਕਤ ਪੇਸ਼ ਆਉਂਦੀ ਹੈ। ਕਈ ਮਰੀਜ਼ਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਲੀਨਿਕ ਵਿਖੇ ਸਿਹਤ ਵਿਭਾਗ ਬਿਜਲੀ ਦੀ ਸਪਲਾਈ ਲਈ ਪੱਕੇ ਤੌਰ ‘ਤੇ ਮੀਟਰ ਲਗਵਾਵੇ। ਉਧਰ ਐੱਸਐੱਮਓ ਖ਼ਿਆਲਾ ਰਵਿੰਦਰ ਸਿੰਗਲਾ ਨੇ ਕਿਹਾ ਕਿ ਵਿਭਾਗ ਵਲੋਂ ਮੁਹੱਲਾ ਕਲੀਨਿਕ ਲਈ ਬਿਜਲੀ ਮੀਟਰ ਦਾ ਕੁਨੈਕਸ਼ਨ ਅਪਲਾਈ ਕਰ ਦਿੱਤਾ ਗਿਆ ਹੈ ਅਤੇ ਅਗਾਮੀ ਕੁੱਝ ਦਿਨਾਂ ਵਿੱਚ ਬਿਜਲੀ ਦੀ ਸਪਲਾਈ ਵਿਧੀਵਤ ਚਾਲੂ ਹੋ ਜਾਵੇਗੀ।