ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਸੀਬੀਆਈ ਟੀਮ ਮੁੜ ਮੌਕੇ ’ਤੇ ਪਹੁੰਚੀ, ਮੈਡੀਕਲ ਸਟੋਰ ਦੇ ਮਲਬੇ ’ਚੋਂ ਸੁਰਾਗ ਲੱਭਣ ਦੀ ਕੋਸ਼ਿਸ਼
ਪਰਿਵਾਰਕ ਮੈਂਬਰਾਂ ਅਤੇ ਇਨਸਾਫ ਕਮੇਟੀ ਵੱਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੀਬੀਆਈ ਜਾਂਚ ਦੀ ਇਸ ਮਾਮਲੇ ਵਿੱਚ ਸਿਫਾਰਿਸ਼ ਕੀਤੀ ਗਈ ਸੀ ਅਤੇ ਇਸ ਦੇ ਬਾਅਦ ਪਰਵਿੰਦਰ ਸਿੰਘ ਝੋਟੇ ਦੇ ਘਰ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਸਨ।
Publish Date: Wed, 04 Nov 2026 10:46 AM (IST)
Updated Date: Wed, 04 Nov 2026 10:57 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਅੱਜ ਇੱਕ ਵਾਰ ਫਿਰ ਫਾਟਕਾਂ ਦੇ ਨਜ਼ਦੀਕ ਸਥਿਤ ਅਸ਼ਵਨੀ ਕੁਮਾਰ ਦੀ ਮੈਡੀਕਲ ਸਟੋਰ ਵਾਲੀ ਦੁਕਾਨ ’ਤੇ ਪਹੁੰਚੀ। ਇਸ ਦੌਰਾਨ ਦੁਕਾਨ ਦੇ ਪਏ ਮਲਬੇ ਨੂੰ ਇੱਕ ਟਰਾਲੀ ਵਿੱਚ ਭਰਵਾਇਆ ਗਿਆ ਅਤੇ ਸੀਬੀਆਈ ਟੀਮ ਵੱਲੋਂ ਮਲਬੇ ਵਿੱਚੋਂ ਕਿਸੇ ਅਹਿਮ ਸੁਰਾਗ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਸੀਬੀਆਈ ਟੀਮ ਨੇ ਅੱਜ ਸਵੇਰੇ ਮੌਕੇ ’ਤੇ ਪਹੁੰਚ ਕੇ ਮੈਡੀਕਲ ਸਟੋਰ ਦੇ ਮਲਬੇ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰਵਾਈ ਅਤੇ ਪੂਰੀ ਪ੍ਰਕਿਰਿਆ ’ਤੇ ਨਜ਼ਰ ਰੱਖੀ। ਜਾਂਚ ਟੀਮ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਲਬੇ ਵਿੱਚੋਂ ਮਾਮਲੇ ਨਾਲ ਸਬੰਧਤ ਕੋਈ ਅਹਿਮ ਸਬੂਤ ਜਾਂ ਸੁਰਾਗ ਮਿਲ ਸਕਦਾ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ 13 ਅਕਤੂਬਰ 2026 ਨੂੰ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲੱਗੇ ਸਨ ਅਤੇ ਗੋਲੀ ਚਲਾਉਣ ਦੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ। ਘਟਨਾ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਅਤੇ ਇਨਸਾਫ ਮੋਰਚੇ ਵੱਲੋਂ ਮਾਨਸਾ ਦੇ ਤਿੰਨਕੋਨੀ ਚੌਕ ਵਿਖੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਤੇ ਇਨਸਾਫ ਕਮੇਟੀ ਵੱਲੋਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੀਬੀਆਈ ਜਾਂਚ ਦੀ ਇਸ ਮਾਮਲੇ ਵਿੱਚ ਸਿਫਾਰਿਸ਼ ਕੀਤੀ ਗਈ ਸੀ ਅਤੇ ਇਸ ਦੇ ਬਾਅਦ ਪਰਵਿੰਦਰ ਸਿੰਘ ਝੋਟੇ ਦੇ ਘਰ ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਸਨ। ਉਸ ਦੇ ਬਾਅਦ ਅੱਧੀ ਰਾਤ ਬਾਅਦ ਸੀਬੀਆਈ ਟੀਮ ਵੱਲੋਂ ਮਾਨਸਾ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀਬੀਆਈ ਜਾਂਚ ਸ਼ੁਰੂ ਹੋਣ ਤੋਂ ਬਾਅਦ ਟੀਮ ਪਹਿਲਾਂ ਵੀ ਉਕਤ ਮੈਡੀਕਲ ਸਟੋਰ ’ਤੇ ਪਹੁੰਚ ਕੇ ਜਾਂਚ ਕਰ ਚੁੱਕੀ ਹੈ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨਾਲ ਵੀ ਪੁੱਛਗਿੱਛ ਕੀਤੀ ਗਈ ਸੀ।
ਅੱਜ ਮੁੜ ਸੀਬੀਆਈ ਟੀਮ ਵੱਲੋਂ ਮਲਬਾ ਹਟਵਾ ਕੇ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਮੈਡੀਕਲ ਸਟੋਰ ਵਾਲੀ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ। ਹੁਣ ਸੀਬੀਆਈ ਟੀਮ ਵੱਲੋਂ ਉਸੇ ਮਲਬੇ ਵਿੱਚੋਂ ਮਾਮਲੇ ਨਾਲ ਜੁੜੇ ਸੰਭਾਵਿਤ ਸੁਰਾਗਾਂ ਦੀ ਭਾਲ ਕੀਤੀ ਜਾ ਰਹੀ ਹੈ।