ਪਰਵਿੰਦਰ ਸਿੰਘ ਝੋਟਾ ਦੇ ਸਸਕਾਰ ਲਈ ਤਿਆਰੀਆਂ ਮੁਕੰਮਲ ਪਰਵਿੰਦਰ ਸਿੰਘ ਝੋਟਾ
Publish Date: Fri, 06 Nov 2026 07:34 PM (IST)
Updated Date: Fri, 06 Nov 2026 07:35 PM (IST)
ਪਰਵਿੰਦਰ ਸਿੰਘ ਝੋਟੇ ਦਾ 25ਵੇਂ ਦਿਨ ਵੀ ਨਾ ਹੋ ਸਕਿਆ ਸਸਕਾਰ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਅੱਧੀ ਰਾਤ ਭੇਜੀ ਪੀਜੀਆਈ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਐਂਟੀ ਡਰੱਗ ਟਾਸਕ ਫੋਰਸ ਦੀ ਟੀਮ ਤੇ ਪਰਵਿੰਦਰ ਸਿੰਘ ਦੇ ਨੌਜਵਾਨ ਸਾਥੀਆਂ ਵੱਲੋਂ ਉਨ੍ਹਾਂ ਦੇ ਜੱਦੀ ਖੇਤ ਪਿੰਡ ਚਕੇਰੀਆਂ ਵਿਖੇ ਜ਼ਮੀਨ ਨੂੰ ਪੱਧਰ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਵੇਂਕਿ ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਦਾ ਸਮਾਂ ਅਜੇ ਕੋਈ ਨਿਸ਼ਚਿਤ ਨਹੀਂ ਹੋਇਆ ਹੈ। ਦਰਮਿਆਨੀ ਰਾਤ ਕਰੀਬ 12 ਵਜੇ ਪਰਵਿੰਦਰ ਸਿੰਘ ਝੋਟਾ ਦੇ ਪਾਰਥਿਵ ਸਰੀਰ ਨੂੰ ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਤੋਂ ਸੀਬੀਆਈ ਟੀਮ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਪੀਜੀਆਈ ਲਈ ਰਵਾਨਾ ਕੀਤਾ ਗਿਆ ਸੀ ਤਾਂ ਜੋ ਪਰਵਿੰਦਰ ਸਿੰਘ ਦਾ ਪੋਸਟਮਾਰਟਮ ਹੋ ਸਕੇ। ਝੋਟਾ ਦੀ ਦੇਹ ਨੂੰ ਰਵਾਨਾ ਕਰਨ ਸਮੇਂ ਹਸਪਤਾਲ ਵਿੱਚ ਮਾਹੌਲ ਗਮਗੀਨ ਹੋ ਗਿਆ ਸੀ। ਪੀਜੀਆਈ ਚੰਡੀਗੜ੍ਹ ‘ਚ ਪਹੁੰਚਣ ਦੇ ਬਾਅਦ ਅੱਜ ਵੀ ਪਰਵਿੰਦਰ ਸਿੰਘ ਝੋਟਾ ਦਾ 6 ਵਜੇ ਤੱਕ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਦੀਆਂ ਕੋਸ਼ਿਸਾਂ ਜਾਰੀ ਸਨ ਕਿਉਂਕਿ ਉਸ ਦੇ ਸਰੀਰ ਦਾ ਤਾਪਮਾਨ ਅਨੁਕੂਲ ਨਹੀਂ ਹੋਇਆ ਸੀ। ਮਾਨਸਾ ਵਿਖੇ ਉਸ ਦੀ ਮ੍ਰਿਤਕ ਦੇਹ ਨੂੰ ਮਾਈਨਸ ਤਾਪਮਾਨ ਵਿੱਚ ਰੱਖਿਆ ਗਿਆ ਸੀ। ਉਥੇ ਹੀ ਪੀਜੀਆਈ ਚੰਡੀਗੜ੍ਹ ਵਿੱਚ ਅੱਜ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦਾ ਦਰਦ ਉਦੋਂ ਛਲਕ ਉੱਠਿਆ, ਜਦ ਪੀਜੀਆਈ ’ਚ ਆਪਣੇ ਪੁੱਤਰ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਕਰਵਾਉਣ ਲਈ ਐਕਸ਼ਨ ਕਮੇਟੀ ਦੇ ਮੈਂਬਰਾਂ ਸਮੇਤ ਪਹੁੰਚੇ ਹੋਏ ਸਨ। ਉਨ੍ਹਾਂ ਇਸ ਦੌਰਾਨ ਸਰਕਾਰ ਖ਼ਿਲਾਫ਼ ਰੋਸ ਜਤਾਇਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅੰਨ, ਪਾਣੀ ਨਹੀਂ ਖਾਣਗੇ। ਉਨ੍ਹਾਂ ਕਿਹਾ ਕਿ ਕੁੱਝ ਲੋਕ ਹੁਣ ਹਮਦਰਦੀ ਦਿਖਾਉਂਦੇ ਹਨ, ਪਰ ਪਰਵਿੰਦਰ ਸਿੰਘ ਜਿਉਂਦਾ ਸੀ ਤਾਂ ਉਨ੍ਹਾਂ ਨਾਲ ਕੋਈ ਕਦੇ ਨਹੀਂ ਖੜ੍ਹੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤ ਜਾਂ ਉਨ੍ਹਾਂ ਦੇ ਨਾਮ ‘ਤੇ ਕੋਈ ਆਪਣੇ ਖਾਤਿਆਂ ਵਿੱਚ ਪੈਸੇ ਭੇਜਣ ਦੀ ਗੱਲ ਕਰਦਾ ਹੈ ਤਾਂ ਉਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਹ ਸਾਬਕਾ ਸੈਨਿਕ ਹੈ ਤੇ ਉਸ ਦੀ ਪੈਨਸ਼ਨ ਚੰਗੀ ਹੈ। ਉਸ ਦੀ ਨੂੰਹ ਵੀ ਅਕਾਲ ਅਕੈਡਮੀ ਵਿੱਚ ਹੈ ਤੇ ਚੰਗੀ ਤਨਖ਼ਾਹ ਹੈ। ਉਹ ਕਿਰਤ ਕਰਨ ਵਾਲੇ ਲੋਕ ਹਨ। ਇਹ ਗੱਲਾਂ ਅੱਜ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਹੀਆਂ। ਉਧਰ ਮਾਨਸਾ ਧਰਨੇ ਵਿੱਚ ਬੈਠੀ ਪਰਵਿੰਦਰ ਸਿੰਘ ਝੋਟੇ ਦੀ ਮਾਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪਰਵਿੰਦਰ ਸਿੰਘ ਦਾ ਸਸਕਾਰ ਹੋਵੇਗਾ ਤਾਂ ਨਸ਼ਿਆਂ ਦੇ ਵਿਰੁੱਧ ਲੜਾਈ ਜਾਰੀ ਰੱਖਣ ਦਾ ਅਹਿਦ ਲੈ ਕੇ ਜਾਣ। ਪੰਜਾਬ ਦੇ ਨੌਜਵਾਨ ਲਗਾਤਾਰ ਨਸ਼ੇ ਨਾਲ ਮਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਰਵਿੰਦਰ ਸਿੰਘ ਝੋਟੇ ਦੀ ਪਤਨੀ ਨੂੰ ਸਰਕਾਰੀ ਨੌਕਰੀ ਤੇ 2 ਕਰੋੜ ਰੁਪਏ ਦੇਣ ਦੇ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਉਹ ਕਿਰਤ ਕਰਕੇ ਖਾਣ ਵਾਲੇ ਗੁਰੂ ਦੇ ਸਿੱਖ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੇ ਪੈਸੇ ਤੇ ਨੌਕਰੀ ਦੀ ਜ਼ਰੂਰਤ ਨਹੀਂ। ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਹੋਈ ਹਰ ਦਾਤ ਹੈ। ਉਨ੍ਹਾਂ ਕਿਹਾ ਕਿ ਲੁਧਿਆਣੇ ਵਿੱਚ ਕਰੰਟ ਨਾਲ ਮਰਨ ਵਾਲੇ ਨੌਜਵਾਨ ਦੇ ਲਈ ਉਨ੍ਹਾਂ ਵੱਲੋਂ ਜ਼ਰੂਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ। ਦੂਸਰੀਆਂ ਮੰਗਾਂ ਇਨਸਾਫ ਕਮੇਟੀ ਵੱਲੋਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਸਨ। ਬਾਕਸ ਪਰਵਿੰਦਰ ਸਿੰਘ ਝੋਟੇ ਦੇ ਖੇਤ ‘ਚ ਅੰਤਿਮ ਸਸਕਾਰ ਦੀਆਂ ਤਿਆਰੀਆਂ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਜੱਦੀ ਜ਼ਮੀਨ ‘ਤੇ ਕੀਤੇ ਜਾਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਹ ਤਿਆਰੀਆਂ ਮੁਕੰਮਲ ਕਰ ਲਏ ਜਾਣ ਦੀ ਪੁਸ਼ਟੀ ਪਰਵਿੰਦਰ ਸਿੰਘ ਝੋਟੇ ਦੇ ਸਾਥੀ ਇੰਦਰਜੀਤ ਸਿੰਘ ਮੁਨਸ਼ੀ ਨੇ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 24 ਦਿਨਾਂ ਤੱਕ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਪਈ ਰਹੀ। ਬੀਤੀ ਰਾਤ ਮਾਨਸਾ ਤੋਂ ਪੀਜੀਆਈ ਚੰਡੀਗੜ੍ਹ ਲਈ ਪੋਸਟਮਾਰਟਮ ਲਈ ਮ੍ਰਿਤਕ ਦੇਹ ਨੂੰ ਭੇਜਿਆ ਗਿਆ ਹੈ। ਇਸ ਜਗ੍ਹਾ ’ਤੇ ਐਂਟੀ ਡਰੱਗ ਟਾਸਕ ਫ਼ੋਰਸ ਤੇ ਪਰਵਿੰਦਰ ਸਿੰਘ ਝੋਟਾ ਦੇ ਸਾਥੀ ਨੌਜਵਾਨਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।