ਮੁੱਖ ਮੰਤਰੀ ਦੀ ਕੋਠੀ ਦੇ ਘਿਰਾਉ ਦਾ ਐਲਾਨ ਬਰਕਰਾਰ ਪਰਵਿੰਦਰ ਸਿੰਘ ਝੋਟਾ ਪਰਵਿੰਦਰ ਸਿੰਘ ਝੋਟਾ
Publish Date: Tue, 03 Nov 2026 06:07 PM (IST)
Updated Date: Tue, 03 Nov 2026 06:08 PM (IST)
ਪੰਜਾਬ ਸਰਕਾਰ ਵੱਲੋਂ ਗੱਲਬਾਤ ਲਈ ਅਜੇ ਤੱਕ ਕੋਈ ਸੱਦਾ ਨਹੀਂ ; ਪੰਜਾਬ ਭਰ ’ਚ ਤਿਆਰੀਆਂ ਮੁਕੰਮਲ ਜਵਾਨ ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਪਰਿਵਾਰ ਨਾਲ ਮੋਰਚੇ ਵਿੱਚ ਡਟੇ ਲੋਕ ਹੁਣ ਅਗਲੇ ਐਕਸ਼ਨ ਦੀ ਤਿਆਰੀ ਇਨਸਾਫ਼ ਦੀ ਉਡੀਕ ਵਿਚਾਲੇ ਨਜ਼ਰਾਂ ਸਰਕਾਰ ਦੇ ਰੁਖ਼ ਅਤੇ ਪੰਜ ਨਵੰਬਰ ਦੇ ਪ੍ਰੋਗਰਾਮ ’ਤੇ ਟਿਕੀਆਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ, ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਤੇ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਪੰਜ ਨਵੰਬਰ 2026 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਬਰਕਰਾਰ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਗੱਲਬਾਤ ਲਈ ਕੋਈ ਸੱਦਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਘਿਰਾਓ ਲਈ ਪੰਜਾਬ ਭਰ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਤੈਅ ਪ੍ਰੋਗਰਾਮ ਅਨੁਸਾਰ ਐਕਸ਼ਨ ਕੀਤਾ ਜਾਵੇਗਾ। ਪੰਜ ਨਵੰਬਰ ਦੇ ਸੱਦੇ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਵਿਚ ਮੀਟਿੰਗਾਂ ਤੇ ਲਾਮਬੰਦੀ ਦਾ ਸਿਲਸਿਲਾ ਜਾਰੀ ਹੈ। ਕਿਸਾਨ, ਮਜ਼ਦੂਰ, ਮੁਲਾਜ਼ਮ, ਅਧਿਆਪਕ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਤੇ ਲੋੜੀਂਦੇ ਪ੍ਰਬੰਧਾਂ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਮੀਟਿੰਗਾਂ ਦੌਰਾਨ ਜਥੇਬੰਦੀਆਂ ਵਿਚਾਲੇ ਆਪਸੀ ਤਾਲਮੇਲ ਤੇ ਘਿਰਾਓ ਦੇ ਪ੍ਰਬੰਧਕੀ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਮੋਰਚੇ ਦੀਆਂ ਮੁੱਖ ਮੰਗਾਂ ਵਿਚ ਝੋਟਾ ਕਤਲ ਮਾਮਲੇ ਵਿਚ ਇਨਸਾਫ਼, ਨਸ਼ਿਆਂ ਖ਼ਿਲਾਫ਼ ਠੋਸ ਕਾਰਵਾਈ ਤੇ ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਸ਼ਾਮਲ ਹੈ। ਇਸ ਦੇ ਨਾਲ ਹੀ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਮਾਮਲੇ ਵਿਚ ਪੀੜ੍ਹਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਵੀ ਪੰਜਾਬ ਸਰਕਾਰ ਅੱਗੇ ਰੱਖੀ ਗਈ ਹੈ। ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ। ਜਵਾਨ ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਪਰਿਵਾਰ ਨਾਲ ਮੋਰਚੇ ਵਿਚ ਡਟੇ ਲੋਕ ਹੁਣ ਅਗਲੇ ਐਕਸ਼ਨ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਇਨਸਾਫ਼ ਦੀ ਉਡੀਕ ਵਿਚਾਲੇ ਉਨ੍ਹਾਂ ਦੀਆਂ ਨਜ਼ਰਾਂ ਸਰਕਾਰ ਦੇ ਰੁਖ਼ ਅਤੇ ਪੰਜ ਨਵੰਬਰ ਦੇ ਪ੍ਰੋਗਰਾਮ ’ਤੇ ਟਿਕੀਆਂ ਹੋਈਆਂ ਹਨ। ਐਕਸ਼ਨ ਕਮੇਟੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਸੱਦਾ ਬਰਕਰਾਰ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਭੀਮ ਸਿੰਘ ਫੌਜੀ, ਗਗਨਦੀਪ ਸਿਰਸੀਵਾਲਾ, ਅਮਨਦੀਪ ਪਟਵਾਰੀ, ਭੁਪਿੰਦਰ ਰੂਬੀ, ਮਨਮੋਹਨ ਸਿੰਘ ਮੋਹਣਾ, ਕੁਲਵਿੰਦਰ ਸਿੰਘ ਸੁੱਖੀ ਅਤੇ ਬਲਜਿੰਦਰ ਸਿੰਘ ਭੱਖੜਾ ਹਾਜ਼ਰ ਸਨ। ਇਸ ਤੋਂ ਪਹਿਲਾਂ ਐਕਸ਼ਨ ਕਮੇਟੀ ਮਾਨਸਾ ਦੀ ਮੀਟਿੰਗ ਹੋਈ। ਇਸ ਦੌਰਾਨ ਪੰਜ ਨਵੰਬਰ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਬੋਘ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ, ਧੰਨਾ ਮੱਲ ਗੋਇਲ, ਹਰਿੰਦਰ ਸਿੰਘ ਮਾਨਸ਼ਾਹੀਆ, ਮਹਿੰਦਰ ਸਿੰਘ ਭੈਣੀ ਬਾਘਾ, ਪ੍ਰੇਮ ਅਰੋੜਾ, ਗੁਰਪ੍ਰੀਤ ਸਿੰਘ ਝੱਬਰ, ਕ੍ਰਿਸ਼ਨ ਚੌਹਾਨ, ਇੰਦਰਜੀਤ ਸਿੰਘ ਮੁਨਸ਼ੀ, ਗੁਰਜੰਟ ਸਿੰਘ, ਜਸਵੀਰ ਕੌਰ, ਅਰਵਿੰਦਰ ਕੌਰ, ਬਲਜੀਤ ਸ਼ਰਮਾ, ਮਾਨਿਕ ਗੋਇਲ, ਹੰਸ ਰਾਜ ਮੋਫ਼ਰ, ਕਰਮਜੀਤ ਮਾਣੂੰਕੇ, ਮਨਦੀਪ ਸਿੰਘ ਗੋਰਾ ਅਤੇ ਸਿਕੰਦਰ ਸਿੰਘ ਨਿਹੰਗ ਸਿੰਘ ਹਾਜ਼ਰ ਸਨ।