ਪਰਵਿੰਦਰ ਝੋਟਾ ਦੇ ਪਿਤਾ, ਮਾਤਾ ਤੇ ਪਰਿਵਾਰਕ ਮੈਂਬਰ ਹੋਏ ਭਾਵੁਕ, ਭਗਵੰਤ ਮਾਨ ਤੇ ਡੀਜੀਪੀ ਅਸਤੀਫ਼ਾ ਦੇਣ ਤੇ ਸੀਬੀਆਈ ਨਿਰਪੱਖ ਜਾਂਚ ਕਰੇ: ਭੀਮ ਸਿੰਘ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਇਨਸਾਫ਼ ਲਈ ਪੰਜਾਬੀਆਂ ਨੇ ਮਾਨਸਾ ਵੱਲ ਅੱਜ ਵਹੀਰਾਂ ਘੱਤੀ ਰੱਖੀਆਂ। ਭਾਵੇਂਕਿ ਪੁਲਿਸ ਨੇ ਰੋਕਾਂ ਲਗਾਈਆਂ, ਪਰ ਲੋਕਾਂ ਦਾ ਰਾਹ ਦਾ ਨਾ ਰੋਕ ਸਕੀਆਂ। ਹਾਲਾਂਕਿ ਮਾਨਸਾ ਅੱਜ ਤੀਜੇ ਦਿਨ ਬੰਦ ਰਿਹਾ, ਜਦਕਿ ਪੰਜਾਬ ਬੰਦ ਅੱਜ ਦਾ ਦਿਨ ਰਿਹਾ। ਪਰਵਿੰਦਰ ਸਿੰਘ ਝੋਟੇ ਦਾ ਪਿਤਾ ਭੀਮ ਸਿੰਘ ਅਤੇ ਪਰਿਵਾਰਕ ਮੈਂਬਰ ਭਾਵੁਕ ਹੁੰਦੇ ਰਹੇ ਅਤੇ ਲੋਕਾਂ ਵੱਲੋਂ ਪਹੁੰਚ ਕੇ ਹਮਦਰਦੀ ਜਤਾਈ। ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸੇ ਨਾਲ ਭਰੇ ਪੀਤੇ ਲੋਕ ਪਰਿਵਾਰ ਦੇ ਨਾਲ ਹਮਦਰਦੀ ਅਤੇ ਸੰਘਰਸ਼ੀ ਸਮੱਰਥਨ ਲਈ ਖ਼ਰਾਬ ਮੌਸਮ ਦੇ ਬਾਵਜੂਦ ਵੀ ਮਾਨਸਾ ਪੁੱਜੇ ਅਤੇ ਮਾਨਸਾ ਦੇ ਇਲਾਵਾ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਦੇ ਇਲਾਵਾ ਹੋਰਨਾਂ ਥਾਵਾਂ ‘ਤੇ ਵੀ ਧਰਨੇ ਪ੍ਰਦਰਸ਼ਨ ਲਗਾ ਨਸ਼ਿਆਂ ‘ਤੇ ਚੋਟਾਂ ਕਰਦੇ ਹੋਏ ਸਰਕਾਰ ਖ਼ਿਲਾਫ਼ ਅਵਾਜ਼ ਬੁਲੰਦ ਕਰਦੇ ਰਹੇ। ਹਾਲਾਂਕਿ ਮਾਨਸਾ ਵੱਲ ਆਉਣ ਵਾਲੇ ਰਾਹਗੀਰਾਂ ਨੂੰ ਕਈ ਜਗ੍ਹਾ ਪੁਲਿਸ ਰੋਕਣ ਕੋਸ਼ਿਸਾਂ ਕੀਤੀਆਂ। ਦੱਸਣਯੋਗ ਹੈ ਕਿ ਰਾਤ ਆਏ ਮੀਂਹ ਦੇ ਕਾਰਨ ਮਾਨਸਾ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਤੇ ਪੱਕੇ ਮੋਰਚੇ ਵਾਲੀ ਜਗ੍ਹਾ ’ਤੇ ਵੀ ਪਾਣੀ ਭਰ ਗਿਆ। ਟੈਂਟ ਪੁੱਟ ਕੇ ਧਰਨਾਕਾਰੀਆਂ ਨੇ ਸਟੇਜ ਅੱਗੇ ਕਰ ਲਈ। ਧਰਨੇ ਦੌਰਾਨ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਐਸਐਸਪੀ ਮਾਨਸਾ ਵੈਭਵ ਚੌਧਰੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਗੱਲਬਾਤ ਲਈ ਆਏ, ਪਰ ਗੱਲਬਾਤ ਸਿਰੇ ਨਾ ਚੜ੍ਹੀ। ਪਰਵਿੰਦਰ ਸਿੰਘ ਝੋਟਾ ਦੇ ਪਿਤਾ ਫ਼ੌਜੀ ਭੀਮ ਸਿੰਘ ਨੇ ਕਿਹਾ ਕਿ ਆਪਣੇ ਪੁੱਤਰ ਨੂੰ ਇਨਸਾਫ਼ ਉਹ ਦਿਵਾ ਕੇ ਰਹਿਣਗੇ। ਨਸ਼ਿਆਂ ਦੇ ਵਿਰੁੱਧ ਉਨ੍ਹਾਂ ਦਾ ਪੁੱਤਰ ਲੜ ਰਿਹਾ ਸੀ ਤੇ ਹੁਣ ਲੜਾਈ ਉਹ ਜਾਰੀ ਰੱਖਣਗੇ। ਪਰ ਸਿਆਸਤ ’ਚ ਕਦੇ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਡੀਜੀਪੀ ਅਸਤੀਫ਼ਾ ਦੇਣ ਤੇ ਸੀਬੀਆਈ ਨਿਰਪੱਖ ਜਾਂਚ ਕਰੇ। ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਵੀ ਪਰਿਵਾਰਕ ਮੈਂਬਰਾਂ ਲਾਲ ਦੁੱਖ ਸਾਂਝਾ ਕੀਤਾ। ਬੀਕੇਯੂ ਏਕਤਾ ਡਕੌਂਦਾ ਧਨੇਰ ਦੇ ਲਖਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਤੇ ਤਸ਼ੱਦਦ ਹੋ ਰਿਹਾ। ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ ਤੇ ਰੋਜ਼ਾਨਾ ਹੀ ਪੰਜਾਬ ’ਚ ਕਤਲ ਹੋ ਰਹ ਹਨ। ਸਾਰਿਆਂ ਨੂੰ ਆਪਣੀ ਅਵਾਜ਼ ਉਠਾਉਣ ਦੇ ਨਾਲ ਨਾਲ ਪਾਰਟੀਆਂ ਤੋਂ ਉਪਰ ਉੱਠ ਕੇ ਇਹ ਲੜਾਈ ਲੜਣੀ ਪਵੇਗੀ। ਭਾਨਾ ਸਿੱਧੂ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅੰਦੋਲਨ ਸਰਕਾਰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ, ਪਰ ਇਹ ਰੁੱਕਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਮੋਗਾ ਵੀ ਕੁੱਝ ਸੰਗਤਾਂ ਨੂੰ ਜੋ ਮਾਨਸਾ ਆ ਰਹੀਆਂ ਸੀ, ਰੋਕਿਆ ਗਿਆ ਹੈ, ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੁਖਦਰਸ਼ਨ ਨੱਤ, ਨਰਿੰਦਰ ਬੁਰਜ ਹਮੀਰਾ, ਅਮਨ ਪਟਵਾਰੀ, ਗਗਨ ਸਿਰਸੀ ਵਾਲਾ, ਭੁਪਿੰਦਰ ਰੁਬੀ, ਅਰਸ਼ਦੀਪ, ਰਾਜਵਿੰਦਰ ਰਾਣਾ, ਧੰਨਾ ਮੱਲ ਗੋਇਲ, ਜਸਵੀਰ ਕੌਰ ਨੱਤ, ਮਾਨਿਕ ਗੋਇਲ, ਕ੍ਰਿਸ਼ਨ ਚੌਹਾਨ, ਮੰਗਾ ਅਜ਼ਾਦ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਪ੍ਰੇਮ ਅਰੋੜਾ, ਹਰਵਿੰਦਰ ਭਾਰਦਵਾਜ, ਹੰਸ ਰਾਜ ਮੋਫ਼ਰ, ਲਖਵਿੰਦਰ ਮੂਸਾ, ਕਾਂਗਰਸੀ ਆਗੂ ਗੁਰਪ੍ਰੀਤ ਵਿੱਕੀ, ਪ੍ਰਸ਼ੋਤਮ ਗਿੱਲ, ਰਾਮ ਸਿੰਘ ਭੈਣੀ ਬਾਘਾ, ਲਖਵੀਰ ਸਿੰਘ ਅਕਲੀਆ, ਮਨਪਿੰਦਰ ਸਿੰਘ, ਅਰਪਿਤ ਚੌਧਰੀ, ਗੁਰਲਾਭ ਮਾਹਲ, ਰਾਮਫਲ ਚੱਕ ਅਲੀਸ਼ੇਰ, ਅਰਵਿੰਦਰ ਕੌਰ, ਗੁਰਮੁਖ ਸਿੰਘ, ਮਨਦੀਪ ਗੋਰਾ, ਮਿੱਠੂ ਸਿੰਘ ਕਾਹਨੇ ਕੇ, ਭਗਵੰਤ ਸਮਾਉਂ, ਹਰਦੀਪ ਸਿੱਧੂ, ਹਰਿੰਦਰ ਸਿੰਘ ਮਾਨਸ਼ਾਹੀਆ, ਚਮਕੌਰ ਸਿੰਘ ਸਿੱਧੂ, ਗੁਰਜੰਟ ਸਿੰਘ ਮਾਨਸਾ, ਬਲਕਰਨ ਬੱਲੀ, ਸੁਰਜੀਤ ਫੂਲ, ਮਲਕੀਤ ਸਿੰਘ ਰਿਟਾਇਰਡ ਸੀਆਈਡੀ, ਜਗਰੂਪ ਕੌਰ ਕਨੇਡਾ, ਅਮ੍ਰਿਤਪਾਲ ਸਿੰਘ ਯੂਨਾਈਟਿਡ ਸਿੱਖਸ, ਮੰਗਾ ਸਿੰਘ ਸਰਪੰਚ ਮਾਖਾ, ਸਰਬਜੀਤ ਸਿੰਘ ਸਾਬਕਾ ਮੁਲਾਜ਼ਮ ਕਮੇਟੀ, ਸੁਖਮਨ ਪੰਜਾਬ ਯੂਨੀਵਰਸਿਟੀ, ਜਸਬੀਰ ਸਿੰਘ ਹਰੀਕੇ ਪੱਤਣ, ਹੈਪੀ ਮਾਨ, ਗੁਰਸੇਵਕ ਮਾਨ, ਸੁਖਦੀਪ ਰਾਮਾਨੰਦੀ, ਬਲਦੇਵ ਸਿੰਘ ਮੰਢਾਲੀ, ਗੁਰਪ੍ਰੀਤ ਸਿੰਘ ਝੱਬਰ, ਕੁਲਵਿੰਦਰ ਉਡਤ, ਅਨੂਪ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਭੈਣੀ ਬਾਘਾ, ਰਤਨ ਭੋਲਾ, ਬੜੂ ਸਾਹਿਬ ਅਕੈਡਮੀ, ਮਨਜੀਤ ਸਿੰਘ ਮੀਹਾਂ, ਸੂਬੇਦਾਰ ਦਰਸ਼ਨ ਸਿੰਘ, ਰਾਜ ਅਕਲੀਆ, ਹਰਪਾਲ ਕੌਰ, ਜਸਬੀਰ ਸਿੰਘ ਖ਼ਾਲਸਾ ਤੇ ਲਖਵੀਰ ਸਿੰਘ ਲੱਖਾ ਆਦਿ ਮੌਜੂਦ ਸਨ। ਪੰਜਾਬ ਬੰਦ ਦੌਰਾਨ ਮਾਨਸਾ ‘ਚ ਲੱਗੇ ਧਰਨੇ ‘ਤੇ ਵੱਡੀ ਗਿਣਤੀ ’ਚ ਜਿੱਥੇ ਧਰਨਾਕਾਰੀ ਪਹੁੰਚੇ। ਭਾਵੇਂਕਿ ਸੰਘਰਸ਼ ਕਮੇਟੀ ਵੱਲੋਂ ਧਰਨੇ ’ਚ ਪਹੁੰਚਣ ਵਾਲਿਆਂ ਨੂੰ ਧਰਨੇ ’ਚ ਹੀ ਰਹਿਣ ਲਈ ਕਿਹਾ ਗਿਆ ਪਰ ਵੱਡੀ ਗਿਣਤੀ ਨੌਜਵਾਨ ਤੇ ਹੋਰ ਟੋਲੀਆਂ ਬਣਾ ਕੇ ਬਾਹਰ ਸ਼ਹਿਰ ਵਿਚ ਤੁਰਦੇ ਫਿਰਦੇ ਰਹੇ। ਕਈਆਂ ਵੱਲੋਂ ਪੰਜਾਬ ਸਰਕਾਰ ਦੇ ਨਾਅਰੇ ਲਗਾਏ ਗਏ। ਥਾਣਾ ਸਿਟੀ - 1 ਨੇੜੇ ਤੰਬਾਕੂ ਦੇ ਖੋਖੇ ‘ਚੋਂ ਤੰਬਾਕੂ ਦਾ ਸਮਾਨ ਕੱਢ ਫੂਕਿਆ ਧਰਨੇ ਵਿੱਚੋਂ ਕੁੱਝ ਪ੍ਰਦਰਸ਼ਨਕਾਰੀ ਸ਼ਹਿਰ ਵਿੱਚ ਵੀ ਦੁਕਾਨਾਂ ਬੰਦ ਕਰਵਾਉਂਦੇ ਰਹੇ। ਅੱਜ ਜਦ ਉਹ ਥਾਣਾ ਸਿਟੀ 1 ਦੇ ਕੋਲ ਆ ਰਹੇ ਸਨ ਤਾਂ ਇੱਕ ਵਿਅਕਤੀ ਵੱਲੋਂ ਤੰਬਾਕੂ ਦਾ ਖੋਖਾ ਖੋਲ੍ਹਿਆ ਹੋਇਆ ਸੀ ਅਤੇ ਉਥੇ ਪੁੱਜੇ ਨੌਜਵਾਨਾਂ ਨੇ ਉਸ ਦਾ ਸਮਾਨ ਕੱਢ ਕੇ ਫੂਕ ਦਿੱਤਾ।