ਪੰਜਾਬ ਬੰਦ ਨੂੰ ਜ਼ਿਲ੍ਹਾ ਮਾਨਸਾ ‘ਚ ਵੀ ਮਿਲਿਆ ਭਰਵਾਂ ਹੁੰਗਾਰਾ ਪਰਵਿੰਦਰ ਸਿੰਘ ਝੋਟਾ
Publish Date: Thu, 15 Oct 2026 05:48 PM (IST)
Updated Date: Thu, 15 Oct 2026 05:51 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਪੰਜਾਬ ਬੰਦ ਨੂੰ ਜ਼ਿਲ੍ਹਾ ਮਾਨਸਾ ’ਚ ਭਰਵਾਂ ਹੁੰਗਾਰਾ ਮਿਲਿਆ। ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਬੋਹਾ, ਬਰੇਟਾ ਦੇ ਇਲਾਵਾ ਹੋਰ ਸਾਰੇ ਜ਼ਿਲ੍ਹੇ ’ਚ ਮੁਕੰਮਲ ਬੰਦ ਰਿਹਾ। ਬਾਜ਼ਾਰ, ਦੁਕਾਨਾਂ, ਵਪਾਰਕ ਅਦਾਰੇ, ਪੈਟਰੋਲ ਪੰਪ, ਬੱਸਾਂ ਦੇ ਇਲਾਵਾ ਹੋਰ ਸਭ ਕੁੱਝ ਬੰਦ ਰਿਹਾ। ਮਾਨਸਾ ਤਿੰਨਕੋਣੀ ’ਤੇ ਲੱਗੇ ਧਰਨੇ ਦੌਰਾਨ ਵੱਡੀ ਗਿਣਤੀ ‘ਚ ਲੋਕ ਪਹੁੰਚੇ, ਭਾਵੇਂਕਿ ਸ਼ਹਿਰ ਵਿਚ ਪਾਣੀ ਖੜ੍ਹਾ ਹੋਇਆ ਸੀ। ਮਾਨਸਾ ਸ਼ਹਿਰ ਵਿਚ ਅੱਜ ਤੀਜੇ ਦਿਨ ਲਗਾਤਾਰ ਆਮ ਲੋਕਾਂ ਵੱਲੋਂ ਆਪਣਾ ਕਾਰੋਬਾਰ ਬੰਦ ਰੱਖਿਆ ਗਿਆ, ਪਰ ਮਾਨਸਾ ਵਿਚ ਨੌਜਵਾਨਾਂ ਤੇ ਹੋਰ ਵੱਡੀ ਗਿਣਤੀ ’ਚ ਧਰਨੇ ਵਿਚੋਂ ਲੋਕ ਸ਼ਹਿਰ ਵਿਚ ਟੋਲੀਆਂ ਬਣਾਉਂਦੇ ਹੋਏ ਆਉਂਦੇ ਜਾਂਦੇ ਰਹੇ। ਕਈ ਜਗ੍ਹਾ ’ਤੇ ਬੈਂਕਾਂ ਦੇ ਇਲਾਵਾ ਕੁੱਝ ਖੁੱਲ੍ਹੀਆਂ ਦੁਕਾਨਾਂ ਨੂੰ ਵੀ ਬੰਦ ਕਰਵਾਇਆ ਗਿਆ। ਨੌਜਵਾਨਾਂ ਵੱਲੋਂ ਸ਼ਹਿਰ ‘ਚ ਆਪ ਸਰਕਾਰ ਦੇ ਲੱਗੇ ਪੋਸਟਰ ਪਾੜੇ ਗਏ। ਬੱਸ ਅੱਡਾ ਮਾਨਸਾ ਵਿਚ ਬੱਸਾਂ ਅੱਜ ਨਹੀਂ ਚੱਲੀਆਂ ਤੇ ਖੜ੍ਹੀਆਂ ਦਿਖਾਈ ਦਿੱਤੀਆਂ। ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ, ਦੁਕਾਨਦਾਰਾਂ, ਕਿਸਾਨ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਇਲਾਵਾ ਬਰੇਟਾ ਵਿਚ ਵੀ ਮੁੱਖ ਬਾਜ਼ਾਰ, ਅਨਾਜ ਮੰਡੀ ਤੇ ਬੱਸ ਅੱਡੇ ਦੇ ਆਸ-ਪਾਸ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਲੋਕਾਂ ਵੱਲੋਂ ਬਰੇਟਾ ਕੈਂਚੀਆਂ ਚੌਕ ’ਚ ਧਰਨਾ ਲਗਾਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਦੀ ਸੀਬੀਆਈ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸਰਦੂਲਗੜ੍ਹ, ਬੁਢਲਾਡਾ ਅਤੇ ਬੋਹਾ ਵਿਚ ਵੀ ਇਸੇ ਤਰ੍ਹਾਂ ਬੰਦ ਦਾ ਅਸਰ ਦੇਖਣ ਨੂੰ ਮਿਲਿਆ।