ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ : ਅਸ਼ਵਨੀ ਕੁਮਾਰ ਦੇ ਘਰ ਤੇ ਦੁਕਾਨ ’ਤੇ ਚਲਾਇਆ ‘ਪੀਲਾ ਪੰਜਾ’ ਨਸ਼ਿਆਂ ਵਿਰੁੱਧ ਅਵਾਜ਼ ਚੁੱਕਣ
Publish Date: Wed, 14 Oct 2026 05:26 PM (IST)
Updated Date: Wed, 14 Oct 2026 05:27 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਨਸ਼ਿਆਂ ਵਿਰੁੱਧ ਅਵਾਜ਼ ਚੁੱਕਣ ਲਈ ਵਾਲੇ ਚਰਚਾ ’ਚ ਰਹੇ ਪਰਵਿੰਦਰ ਸਿੰਘ ਝੋਟੇ ਦੇ ਮੰਗਲਵਾਰ ਨੂੰ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਬਾਅਦ ਅੱਜ ਸਟੋਰ ਮਾਲਕ ਅਸ਼ਵਨੀ ਕੁਮਾਰ ਦੇ ਘਰ ਤੇ ਦੁਕਾਨ ’ਤੇ ਜੇਸੀਬੀ ਚਲਾ ਦਿੱਤੀ ਗਈ। ਲੰਘੇ ਮੰਗਲਵਾਰ ਨੂੰ ਕਤਲ ਦੇ ਬਾਅਦ ਹੀ ਧਰਨੇ ’ਚ ਸ਼ਾਮਲ ਵੱਡੀ ਗਿਣਤੀ ਲੋਕਾਂ ਵੱਲੋਂ ਝੋਟੇ ਦੇ ਕਥਿਤ ਕਾਤਲ ਵੱਲੋਂ ਬਣਾਈ ਜਾਇਦਾਦ ਨੂੰ ਤਹਿਸ ਨਹਿਸ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਮਾਨਸਾ ਵਿਚ ਸਵੇਰ ਵੇਲੇ ਹੀ ਪਹਿਲਾਂ ਅਸ਼ਵਨੀ ਕੁਮਾਰ ਦੇ ਘਰ ਨਜ਼ਦੀਕ ਪੁਲਿਸ ਪ੍ਰਸ਼ਾਸਨ ਤਾਇਨਾਤ ਹੋ ਗਿਆ ਤੇ ਬੁਲਡੋਜ਼ਰ ਨੂੰ ਭੀੜੀ ਗਲੀ ਅੰਦਰ ਲਿਜਾਣ ਦੀ ਕੋਸ਼ਿਸ ਕੀਤੀ ਜਾਣ ਲੱਗੀ, ਜਦੋਂਕਿ ਦੂਜੇ ਪਾਸੇ ਉਸ ਦੇ ਮੈਡੀਕਲ ਸਟੋਰ ਕੋਲ ਵੀ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਦੌਰਾਨ ਉਸ ਦੇ ਘਰ ਦੇ ਵਾਦਰੇ ਨੂੰ ਜੇਸੀਬੀ ਨਾਲ ਤੋੜ ਦਿੱਤਾ ਗਿਆ, ਜਿੱਥੇ ਕਿ ਲੋਕਾਂ ਵੱਲੋਂ ਇਸ ਨੂੰ ਖਾਨਾਪੂਰਤੀ ਕੀਤਾ ਜਾਣਾ ਦੱਸਿਆ ਗਿਆ। ਫ਼ਾਟਕਾਂ ਦੇ ਨਜ਼ਦੀਕ ਫ਼ਿਰ ਦੁਕਾਨ ‘ਤੇ ਜੇਸੀਬੀ ਲਿਆਂਦੀ ਗਈ, ਜਿੱਥੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਐੱਸਐੱਸਪੀ ਮਾਨਸਾ ਵੈਭਵ ਚੌਧਰੀ ਦੇ ਇਲਾਵਾ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਜਦ ਦੁਕਾਨ ਢਾਹੀ ਜਾ ਰਹੀ ਸੀ ਤਾਂ ਪੰਜਾਬ ਸਰਕਾਰ ਖ਼ਿਲਾਫ਼ ਉਥੇ ਮੌਜੂਦ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇੰਨੀ ਇਕੱਠੀ ਭੀੜ ਨੂੰ ਰੋਕਣ ਵਿਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਨਜ਼ਰ ਆਇਆ, ਜਦੋਂਕਿ ਇਸ ਦੌਰਾਨ ਨਿਹੰਗਾਂ ਕੋਲੋਂ ਨੰਗੀਆਂ ਕਿਰਪਾਨਾਂ ਤੇ ਹੋਰ ਮੌਜੂਦ ਲੋਕਾਂ ਕੋਲ ਗੰਢਾਸੇ ਤੇ ਡੰਡੇ ਵੀ ਮੌਜੂਦ ਸਨ। ਇਹ ਵੀ ਲਹਿਰਾਉਂਦੇ ਹੋਏ ਕਈ ਵਿਅਕਤੀ ਦਿਖੇ। ਪਰਵਿੰਦਰ ਸਿੰਘ ਝੋਟੇ ਦੇ ਹੱਕ ’ਚ ਵੀ ਨਾਅਰੇ ਲਗਾਏ ਗਏ। ਪੁਲਿਸ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਤੱਕ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਲਈ ਮਾਨਸਾ ’ਚ ਬਣੀ ਇਹ ਸਥਿਤੀ ਨਾਲ ਨਜਿੱਠਣਾ ਚੁਣੌਤੀ ਬਣਿਆ ਹੋਇਆ ਹੈ। ਮਾਨਸਾ ਵੱਲ ਲੋਕ ਵੱਡੀ ਗਿਣਤੀ ਵਿਚ ਵਹੀਰਾਂ ਘੱਤ ਰਹੇ ਹਨ। ਜੇਸੀਬੀ ਨਾਲ ਦੁਕਾਨ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ। ਦੁਕਾਨ ’ਚ ਜੋ ਸਾਮਾਨ ਆਦਿ ਸੀ, ਉਸ ਨੂੰ ਗੁੱਸੇ ’ਚ ਆਈ ਭੀੜ ਨੇ ਅੱਗ ਲਗਾ ਦਿੱਤੀ। ਦੁਕਾਨ ’ਚ ਮੌਕੇ ਤੋਂ ਕੁੱਝ ਨਸ਼ੀਲੀਆਂ ਗੋਲੀਆਂ ਵੀ ਮਿਲੀਆਂ, ਜਿਸ ਨੂੰ ਇਕ ਨੌਜਵਾਨ ਨੇ ਆਪਣੇ ਦੋਵੇਂ ਹੱਥਾਂ ’ਚ ਚੁੱਕ ਕੇ ਮੀਡੀਆ ਅੱਗੇ ਦਿਖਾਈਆਂ। ਪਰਵਿੰਦਰ ਸਿੰਘ ਝੋਟੇ ਦੇ ਕਥਿਤ ਕਾਤਲ ਅਸ਼ਵਨੀ ਕੁਮਾਰ ਦੇ ਘਰ ਤੇ ਮਕਾਨ ’ਤੇ ਤਾਂ ਪ੍ਰਸ਼ਾਸਨ ਵੱਲੋਂ ਜੇਸੀਬੀ ਚਲਾ ਦਿੱਤੀ ਗਈ। ਪਰ ਜਿਉਂ ਹੀ ਉੱਥੇ ਮੌਜੂਦ ਭੀੜ ਨੂੰ ਪਤਾ ਲੱਗਿਆ ਕਿ ਉਸ ਦਾ ਸ਼ਹਿਰ ਦੀ ਇਕ ਪ੍ਰਾਈਵੇਟ ਕਲੋਨੀ ’ਚ ਨਵਾਂ ਘਰ ਹੈ ਤਾਂ ਰੋਹ ’ਚ ਆਈ ਭੀੜ ਉੱਧਰ ਨੂੰ ਤੁਰ ਪਈ ਹੈ। ਲੋਕ ਗਰੀਨ ਵੈਲੀ ਕਾਲੋਨੀ ਦੇ ਗੇਟ ਤੇ ਪਹੁੰਚ ਗਏ ਅਤੇ ਫ਼ਿਰ ਗੇਟ ਲੰਘ ਕੇ ਕਲੋਨੀ ਅੰਦਰ ਚਲੇ ਗਏ। ਭਾਵੇਂ ਕਿ ਕੁਝ ਲੋਕਾਂ ਵੱਲੋਂ ਉਥੇ ਕਿਹਾ ਜਾ ਰਿਹਾ ਹੈ ਕਿ ਅਸ਼ਵਨੀ ਦਾ ਇੱਥੇ ਕੋਈ ਘਰ ਨਹੀਂ। ਉਹ ਹੋਰ ਕਲੋਨੀ ‘ਚ ਹੈ। ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ : ਐੱਸਐੱਸਪੀ ਵੈਭਵ ਚੌਧਰੀ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਨੇ ਇਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਢੋਹਾ ਢਹਾਈ ਦੀ ਕਾਰਵਾਈ ਕੀਤੀ ਗਈ ਹੈ। ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਤਾਇਨਾਤ ਰਹੀ ਅਤੇ ਅਮਨ ਸ਼ਾਂਤੀ ਬਣਾ ਕੇ ਰੱਖੀ ਜਾਵੇਗੀ।