ਪਰਵਿੰਦਰ ਝੋਟਾ ਦੀ ਮਾਤਾ ਦੀ ਪੰਜਾਬ ਵਾਸੀਆਂ ਨੂੰ ਅਪੀਲ, ਸਸਕਾਰ ਮੌਕੇ ਨਸ਼ਿਆਂ ਖ਼ਿਲਾਫ਼ ਲੜਨ ਦੀ ਸੋਚ ਨਾਲ ਲੈ ਕੇ ਜਾਈਓ
ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦੇਣ ਦੇ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਉਹ ਕਿਰਤ ਕਰਕੇ ਖਾਣ ਵਾਲੇ ਗੁਰੂ ਦੇ ਸਿੱਖ ਹਨ।
Publish Date: Fri, 06 Nov 2026 11:55 AM (IST)
Updated Date: Fri, 06 Nov 2026 12:01 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਪਰਵਿੰਦਰ ਸਿੰਘ ਝੋਟਾ ਦੀ ਮਾਤਾ ਵੱਲੋਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਪਰਵਿੰਦਰ ਸਿੰਘ ਦੇ ਸਸਕਾਰ ’ਤੇ ਪਹੁੰਚੋਗੇ ਤਾਂ ਇਸ ਜਗ੍ਹਾ ਤੋਂ ਇੱਕ ਸੋਚ ਲੈ ਕੇ ਜਾਇਓ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਖ਼ਿਲਾਫ਼ ਲੜਦੇ ਰਹਾਂਗੇ। ਇੱਕ ਪਰਵਿੰਦਰ ਦੀ ਆਵਾਜ਼ ਬੰਦ ਨਹੀਂ ਕੀਤੀ ਸਗੋਂ ਲੱਖਾਂ ਹੀ ਆਵਾਜ਼ਾਂ ਨਸ਼ੇ ਦੇ ਖ਼ਿਲਾਫ਼ ਉੱਠਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪਰਵਿੰਦਰ ਵੱਲੋਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਸਰਕਾਰਾਂ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਝੂਠੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਦੇ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ।
ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦੇਣ ਦੇ ਮਾਮਲੇ ’ਤੇ ਬੋਲਦੇ ਹੋਏ ਕਿਹਾ ਕਿ ਉਹ ਕਿਰਤ ਕਰਕੇ ਖਾਣ ਵਾਲੇ ਗੁਰੂ ਦੇ ਸਿੱਖ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੇ ਪੈਸੇ ਤੇ ਨੌਕਰੀ ਦੀ ਜ਼ਰੂਰਤ ਨਹੀਂ। ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਹੋਈ ਹਰ ਦਾਤ ਹੈ। ਉਨ੍ਹਾਂ ਕਿਹਾ ਕਿ ਲੁਧਿਆਣੇ ਦੇ ਵਿੱਚ ਕਰੰਟ ਨਾਲ ਮਰਨ ਵਾਲੇ ਨੌਜਵਾਨ ਦੇ ਲਈ ਉਨ੍ਹਾਂ ਵੱਲੋਂ ਜ਼ਰੂਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ। ਦੂਸਰੀਆਂ ਮੰਗਾਂ ਇਨਸਾਫ ਕਮੇਟੀ ਵੱਲੋਂ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਸਨ।